

22 ਜੂਨ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)
ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਵੱਲੋਂ “ਜਾਗ ਭੈਣੇ ਜਾਗ” ਮੁਹਿੰਮ ਦੇ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਤੇ ਔਰਤਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ । ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਫੇਜ 11 ਮੋਹਾਲੀ ਦੇ ਨੇਬਰਹੁਡ ਪਾਰਕ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸੈਲੀਬ੍ਰਿਟੀ ਯੋਗਾ ਟਰੇਨਰ ਸੁਖਦੀਪ ਦੁਸਾਰ ਨੇ ਔਰਤਾਂ ਨੂੰ ਯੋਗਾ ਦੀ ਟ੍ਰੇਨਿੰਗ ਦਿੱਤੀ । ਇਸ ਮੌਕੇ ਸੁਖਦੀਪ ਦੁਸਾਰ ਨੇ ਹਾਜ਼ਰ ਔਰਤਾਂ ਦੇ ਇਕੱਠ ਨੂੰ ਵੱਖ ਵੱਖ ਆਸਨਾਂ ਦੀਆਂ ਵਿਧੀਆਂ ਸਮਝਾਉਂਦੇ ਹੋਏ ਉਹਨਾਂ ਦੇ ਫਾਇਦਿਆਂ ਦੀ ਗੱਲ ਵੀ ਸਮਝਾਈ । ਇਸ ਪ੍ਰੋਗਰਾਮ ਵਿੱਚ ਉੱਘੇ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਜਦੋਂ ਕਿ ਮੋਟੀਵੇਸ਼ਨਲ ਸਪੀਕਰ ਮਨਦੀਪ ਕੌਰ ਟਾਂਗਰਾ , ਗਾਇਨੀਕੋਲੋਜਿਸਟ ਡਾਕਟਰ ਮੀਨੂ ਗਾਂਧੀ , ਮਿਉਂਸੀਪਲ ਕੌਂਸਲਰ ਕੇ ਐਸ ਕਲੇਰ ਅਤੇ ਸਪੋਰਟਸ ਅਫਸਰ ਸਰਦਾਰ ਅਜੀਤ ਸਿੰਘ ਬਤੌਰ ਗੈਸਟ ਆਨਰ ਹਾਜਰ ਹੋਏ ।
ਇਸ ਮੌਕੇ ਹਾਜ਼ਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ ਨੇ ਕਿਹਾ ਕਿ ਕੰਮ ਕਾਜੀ ਔਰਤਾਂ ਆਪਣੇ ਪਰਿਵਾਰ ਦੇ ਲਈ ਲਗਾਤਾਰ ਭੱਜ ਨਸ ਕਰਦੀਆਂ ਹੋਈਆਂ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲ ਜਾਂਦੀਆਂ ਹਨ । ਡਾਕਟਰ ਮੀਨੂ ਗਾਂਧੀ ਨੇ ਕਿਹਾ ਕਿ ਜੇਕਰ ਔਰਤ ਆਪ ਸਿਹਤਮੰਦ ਨਹੀਂ ਹੋਵੇਗੀ ਤਾਂ ਉਹ ਆਪਣੇ ਪਰਿਵਾਰ ਦੀ ਦੇਖਭਾਲ ਨਹੀਂ ਕਰ ਸਕੇਗੀ ਇਸ ਲਈ ਔਰਤਾਂ ਨੂੰ ਆਪਣੀ ਸਿਹਤ ਨੂੰ ਤਵੱਜੋ ਦੇਣੀ ਚਾਹੀਦੀ ਹੈ । ਮੋਟੀਵੇਸ਼ਨਲ ਸਪੀਕਰ ਮਨਦੀਪ ਕੌਰ ਟਾਂਗਰਾ ਨੇ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਇੱਕ ਔਰਤ ਦੂਜੀ ਔਰਤ ਦਾ ਸਾਥ ਦਿੰਦੀ ਹੈ । ਉਹਨਾਂ ਕਿਹਾ ਕਿ ਭੈਣਾਂ (ਔਰਤਾਂ) ਇੱਕ ਦੂਜੇ ਦਾ ਸਾਥ ਦੇ ਕੇ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਤੰਦਰੁਸਤ ਰੱਖ ਸਕਦੀਆਂ ਹਨ ।
ਪ੍ਰੋਗਰਾਮ ਦੇ ਅਖੀਰ ਵਿੱਚ ਹਾਜ਼ਰ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਟਰੱਸਟ ਪ੍ਰਧਾਨ ਹਰਦੀਪ ਕੌਰ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ “ਜਾਗ ਭੈਣੇ ਜਾਗ” ਦਾ ਮੁੱਖ ਉਦੇਸ਼ ਔਰਤਾਂ ਨੂੰ ਹਰ ਪੱਖੋਂ ਜਗਾਉਣਾ ਹੈ । ਗੱਲ ਚਾਹੇ ਸਿਹਤ ਦੀ ਹੋਵੇ , ਕਾਨੂੰਨੀ ਜਾਗਰੂਕਤਾ ਦੀ ਹੋਵੇ , ਵਿੱਤੀ ਤੌਰ ਤੇ ਆਤਮ ਨਿਰਭਰ ਹੋਣ ਦੀ ਹੋਵੇ ਜਾਂ ਫਿਰ ਹੱਕਾਂ ਅਤੇ ਫਰਜਾਂ ਦੀ ਹੋਵੇ , ਸਭ ਦੀ ਸਮਝ ਔਰਤ ਅੰਦਰ ਹੋਣੀ ਬੇਹਦ ਲਾਜ਼ਮੀ ਹੈ । ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਸ ਮੁਹਿਮ ਨੂੰ ਹੋਰ ਅੱਗੇ ਲੈ ਕੇ ਜਾਣਗੇ ਅਤੇ ਸਮਾਜ ਵਿਚਲੀਆਂ ਆਪਣੀਆਂ ਭੈਣਾਂ ਨੂੰ ਜਾਗਰੂਕ ਕਰਨ ਲਈ ਕੰਮ ਕਰਦੇ ਰਹਿਣਗੇ ।























