

14 ਜੂਨ, ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ), ਜ਼ਿਲ੍ਹੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਵਿਸ਼ਵ ਖੂਨਦਾਨ ਦਿਵਸ ਮੌਕੇ ਸਥਾਨਕ ਡੀ ਪੀ ਜਿਮ ਵਿਖੇ ਇੱਕ ਵਿਸ਼ਾਲ ਖੂਨਦਾਨ ਕੈੰਪ ਲਗਾਇਆ ਗਿਆ ਜਿੱਥੇ 135 ਖੂਨਦਾਨੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਵੱਲੋਂ ਡਾ. ਸ਼ਾਇਨਾ ਦੀ ਅਗਵਾਈ ਹੇਠ ਖੂਨ ਇਕੱਠਾ ਕੀਤਾ ਗਿਆ। ਕੈੰਪ ਦਾ ਉਦਘਾਟਨ ਡਾ. ਨਰਿੰਦਰ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਕਾਲਜ਼ ਅਤੇ ਵਣ ਰੇਂਜ ਅਫ਼ਸਰ ਹਰਦਿਆਲ ਸਿੰਘ ਦੁਆਰਾ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਡਾ. ਨਰਿੰਦਰ ਸਿੰਘ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਮਹਾਨ ਸੇਵਾ ਹੈ ਜੋ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੀ ਹੈ। ਉਹਨਾਂ ਕਿਹਾ ਕਿ ਨੇਕੀ ਫਾਉਂਡੇਸ਼ਨ ਜਿੱਥੇ ਜ਼ਿਲ੍ਹੇ ਵਿੱਚ ਖੂਨਦਾਨ ਦੇ ਖੇਤਰ ਵਿੱਚ ਮੋਹਰੀ ਸੰਸਥਾ ਹੋਕੇ ਉੱਭਰੀ ਹੈ, ਉੱਥੇ ਹੀ ਸਟੇਟ ਵੱਲੋਂ ਚਾਰ ਵਾਰ ਰਾਜ ਪੁਰਸਕਾਰਾਂ ਦਾ ਸਨਮਾਨ ਮਿਲਣਾ ਵੀ ਆਪਣੇ ਆਪ ਵਿੱਚ ਉਪਲਬਧੀ ਹੈ। ਉਹਨਾਂ ਕਾਲਜ਼ ਵੱਲੋਂ ਸੰਸਥਾ ਦੇ ਸਾਰੇ ਕੰਮਾਂ ਵਿੱਚ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਅਤੇ ਪ੍ਰੋਫੈਸਰ ਕੁਲਬੀਰ ਸਿੰਘ ਦੀ ਅਗਵਾਈ ਹੇਠ ਐੱਨ ਸੀ ਸੀ ਕੈਡਿਟ ਦੀ ਟੁਕੜੀ ਵੀ ਕੈੰਪ ਵਿੱਚ ਸੇਵਾ ਲਈ ਭੇਜੀ। ਇਸੇ ਮੌਕੇ ਵਣ ਅਫ਼ਸਰ ਹਰਦਿਆਲ ਸਿੰਘ ਨੇ ਕਿਹਾ ਕਿ ਖੂਨਦਾਨ ਦੇ ਨਾਲ ਨਾਲ ਪੰਛੀਆਂ ਦੇ ਪਾਣੀ ਲਈ ਕਟੋਰੇ ਅਤੇ ਵਾਤਾਵਰਣ ਦੀ ਸੰਭਾਲ ਲਈ ਪੌਦੇ ਭੇਂਟ ਕਰਨਾ, ਸੱਚਮੁੱਚ ਇੱਕ ਸ਼ਲਾਘਾਯੋਗ ਕੰਮ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਣ ਵਿਭਾਗ ਦੇ ਸਹਿਯੋਗ ਨਾਲ ਸੰਸਥਾ ਵੱਲੋਂ ਇੱਕ ਵੱਡਾ ਵਣ ਮੇਲਾ ਵੀ ਆਯੋਜਿਤ ਕੀਤਾ ਜਾਵੇਗਾ। ਸੰਸਥਾ ਦੇ ਆਗੂ ਮਨਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਕੈੰਪ ਵਿੱਚ ਜਿੱਥੇ ਮਰਦਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਹੈ, ਉੱਥੇ ਔਰਤਾਂ ਦਾ ਜੋਸ਼ ਵੀ ਦੇਖਣਯੋਗ ਸੀ। ਉਹਨਾਂ ਕਿਹਾ ਕਿ ਨੇਕੀ ਸੰਸਥਾ ਸਰਕਾਰੀ ਬਲੱਡ ਬੈਂਕ ਮਾਨਸਾ ਦਾ ਸੱਠ ਪ੍ਰਤੀਸ਼ਤ ਡੋਨੇਸ਼ਨ ਦਾ ਹਿੱਸਾ ਕਵਰ ਕਰਦੀ ਹੈ ਅਤੇ ਜ਼ਿਲ੍ਹੇ ਵਿੱਚ ਕਿਸੇ ਨੂੰ ਵੀ ਖੂਨ ਦੀ ਲੋੜ ਹੋਵੇ ਸੰਸਥਾ ਨਾਲ 8760371000 ਤੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸੰਸਥਾ ਵੱਲੋਂ ਡੀ ਪੀ ਜਿੱਮ ਦੇ ਸੁਨੀਤ ਕੁਮਾਰ ਅਤੇ ਫੇਅਰ ਡੀਲ ਇੰਸੋਰੈਂਸ ਸਰਵਿਸਜ ਦੇ ਰਵੀ ਪ੍ਰਕਾਸ਼ ਦਾ ਕੈੰਪ ਦੇ ਸਾਰੇ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ।























