

ਮਾਨਸਾ, 09 ਜੂਨ:(ਸਾਰਾ ਯਹਾਂ/ਮੁੱਖ ਸੰਪਾਦਕ)
ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਕਿਸਾਨਾਂ ਨੂੰ ਸਾਉਣੀ ਸੀਜ਼ਨ 2025 ਦੌਰਾਨ ਝੋਨੇ ਦੇ ਪੂਸਾ 44 ਅਤੇ ਕਿਸੇ ਵੀ ਪ੍ਰਕਾਰ ਦੇ ਅਣ—ਅਧਿਕਾਰਿਤ/ਹਾਈਬ੍ਰਿਡ ਬੀਜਾਂ ਦੀ ਬਿਜਾਈ ਨਾ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਬੀਜ ਬਿਨਾਂ ਕਿਸੇ ਲਾਇਸੰਸ ਦੇ ਕਿਸਾਨਾਂ ਨੂੰ ਵੇਚਿਆ ਜਾਂਦਾ ਹੈ ਅਤੇ ਇਸ ਬੀਜ ਦੀ ਗੁਣਵੱਤਾ ਦੀ ਕੋਈ ਵੀ ਜਾਂਚ ਨਹੀਂ ਕਰਵਾਈ ਜਾਂਦੀ ਜਿਸ ਨਾਲ ਭੋਲੇ ਭਾਲੇ ਕਿਸਾਨ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਸਾ 44 ਅਤੇ ਕਿਸੇ ਵੀ ਪ੍ਰਕਾਰ ਦੇ ਅਣ—ਅਧਿਕਾਰਿਤ/ਹਾਈਬ੍ਰਿਡ ਬੀਜ ਦੀ ਵਿਕਰੀ ’ਤੇ ਪੂਰਨ ਤੌਰ ਤੇ ਰੋਕ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਦੂਸਰੇ ਰਾਜਾਂ ਤੋਂ ਵੀ ਅਣ—ਅਧਿਕਾਰਿਤ/ਹਾਈਬ੍ਰਿਡ ਬੀਜ ਨਾ ਖਰੀਦਣ। ਜ਼ਿਲ੍ਹਾ ਮਾਨਸਾ ਵਿੱਚ ਅਣ—ਅਧਿਕਾਰਿਤ/ਹਾਈਬ੍ਰਿਡ ਝੋਨੇ ਦੇ ਬੀਜ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਨਿਰੰਤਰ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੰਨਜੂਰਸ਼ੁਦਾ ਬੀਜ ਦੀ ਹੀ ਖਰੀਦ ਕਰਨ ਅਤੇ ਇਸ ਸਬੰਧੀ ਵਿਕਰੇਤਾ ਵੱਲੋਂ ਪੱਕਾ ਬਿੱਲ ਜਰੂਰ ਪ੍ਰਾਪਤ ਕਰਨ।























