

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਸ਼ੇਰੂ ਉਰਫ ਸ਼ੇਰਾ ਨੂੰ ਪ੍ਰਯਾਗਰਾਜ (ਇਲਾਹਾਬਾਦ) ਦੇ ਕਰੇਲੀ ਤੋਂ ਸ਼ਨੀਵਾਰ ਰਾਤ 2 ਵਜੇ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ‘ਚ ਸਲਮਾਨ ਖਾਨ ਦੇ ਪੀ. ਏ. ਨੇ ਸ਼ੇਰਾ ਦੇ ਖਿਲਾਫ ਬਾਂਦਰਾ ਥਾਣੇ ‘ਚ ਕੇਸ ਦਰਜ ਕਰਵਾਇਆ ਸੀ। ਇਹ ਸ਼ੇਰਾ ਸਲਮਾਨ ਖਾਨ ਦਾ ਬਾਡੀਗਾਰਡ ਨਹੀਂ, ਸਗੋਂ ਮੁੰਬਈ ‘ਚ ਰਹਿੰਦਾ ਇਕ ਸਟ੍ਰਗਲਰ ਹੈ। ਮੁੰਬਈ ਕ੍ਰਾਈਮ ਬ੍ਰਾਂਚ ਤੇ ਬਾਂਦਰਾ ਥਾਣੇ ਦੀ ਸਾਂਝੀ ਟੀਮ ਆਰੋਪੀ ਨੂੰ ਲੈ ਕੇ ਮੁੰਬਈ ਰਵਾਨਾ ਹੋ ਗਈ ਹੈ।
ਕ੍ਰਾਈਮ ਬ੍ਰਾਂਚ ਮੁਤਾਬਕ, ‘ਸ਼ੇਰਾ ਫਿਲਮਾਂ ‘ਚ ਰੋਲ ਨਾ ਮਿਲਣ ਤੋਂ ਨਾਰਾਜ਼ ਸੀ। ਇਸ ਲਈ ਉਸ ਨੇ ਸਲਮਾਨ ਖਾਨ ਨੂੰ ਫੋਨ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸ਼ੇਰਾ ਨੇ ਸਲਮਾਨ ਖਾਨ ਦੇ ਪੀ. ਏ. ਨੂੰ ਵੀ ਧਮਕਾਇਆ ਸੀ।’
ਕਈ ਵਾਰ ਕੀਤੀ ਸਲਮਾਨ ਨੂੰ ਮਿਲਣ ਦੀ ਕੋਸ਼ਿਸ਼
ਪੁਲਸ ਨੇ ਦੱਸਿਆ ਕਿ ਆਰੋਪੀ ਸ਼ੇਰਾ ਮੁੰਬਈ ‘ਚ ਪਰਿਵਾਰ ਨਾਲ ਰਹਿੰਦਾ ਹੈ। ਉਸ ਦੀਆਂ ਫਿਲਮਾਂ ‘ਚ ਕੰਮ ਕਰਨ ਦੀ ਇੱਛਾ ਸੀ। ਇਸ ਲਈ ਉਸ ਨੇ ਸਲਮਾਨ ਕੋਲੋਂ ਕੰਮ ਮੰਗਿਆ ਸੀ। ਇਸ ਲਈ ਕਈ ਵਾਰ ਉਸ ਨੇ ਸਲਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਦੇ ਚਲਦਿਆਂ ਉਸ ਨੂੰ ਸਲਮਾਨ ਖਾਨ ਨਾਲ ਮਿਲਣ ਨਹੀਂ ਦਿੱਤਾ ਗਿਆ। ਇਸ ਤੋਂ ਨਾਰਾਜ਼ ਸ਼ੇਰਾ ਨੇ ਸਲਮਾਨ ਖਾਨ ਨੂੰ ਮੋਬਾਇਲ ‘ਤੇ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਸ਼ੇਰਾ ਨੂੰ ਰਾਤ ਲਗਭਗ 2 ਵਜੇ ਗ੍ਰਿਫਤਾਰ ਕੀਤਾ ਗਿਆ। ਹੁਣ ਸ਼ੇਰਾ ਦਾ ਇਕ ਸਾਥੀ ਫਰਾਰ ਹੈ। ਉਸ ਦੀ ਭਾਲ ਲਈ ਮੁੰਬਈ ਪੁਲਸ ਦੀ ਇਕ ਟੀਮ ਪ੍ਰਯਾਗਰਾਜ ‘ਚ ਸਰਚ ਆਪ੍ਰੇਸ਼ਨ ਚਲਾ ਰਹੀ ਹੈ।
EDITED BY : SARA YAHA | | Last Updated : 5:54 PM 18 ਨਵੰਬਰ 2018
























