

ਬੁਢਲਾਡਾ/ਮਾਨਸਾ, 24 ਮਈ (ਸਾਰਾ ਯਹਾਂ/ਮੁੱਖ ਸੰਪਾਦਕ): ਸਿੱਖਿਆ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਜਦੋਂ ਬੱਚੇ ਬਿਹਤਰ ਵਾਤਾਵਰਨ ਵਿਚ ਪੜ੍ਹਾਈ ਕਰਨ, ਤਾਂ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਸਿੱਖਣ ਦੀ ਸਮਰੱਥਾ ਦੋਵੇਂ ਵੱਧਦੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕੇ ਦੇ ਸਰਕਾਰੀ ਸਕੂਲਾਂ ‘ਚ 42.91 ਲੱਖ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ੍ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਧ ਤਰਜ਼ੀਹ ਦੇ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਸਮਾਰਟ ਕਲਾਸਾਂ, ਲਾਇਬ੍ਰੇਰੀ, ਸਾਫ਼ ਪੀਣ ਵਾਲਾ ਪਾਣੀ, ਪਖਾਨੇ ਅਤੇ ਬੈਠਣ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਘੱਟ ਨਾ ਦਿਖਾਈ ਦੇਣ। ਜਿੰਪਾ ਨੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਦੀ ਦੇਖਭਾਲ ਵਿਚ ਸਹਿਯੋਗ ਕਰਨ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ।
ਵਿਧਾਇਕ ਨੇ ਸਕੂਲ ਆਫ ਐਮੀਨੈਂਸ ਬੋਹਾ ਵਿਖੇ 18.90 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਸੈਦੇਵਾਲਾ ਵਿਖੇ 7.91 ਲੱਖ, ਸਰਕਾਰੀ ਸੈਕੰਡਰੀ ਸਕੂਲ ਸੈਦੇਵਾਲਾ ਵਿਖੇ 16.10 ਲੱਖ ਰੁਪਏ ਦੀ ਲਾਗਤ ਨਾਲ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਸਕੁਲ ਆਫ ਐਮੀਨੈਂਸ ਬੋਹਾ ਵਿਖੇ ਕੰਟੀਨ, ਸ਼ੈੱਡ, ਸਕਿਊਰਟੀ ਰੂਮ ਅਤੇ ਸਕੂਲ ਦੀ ਰੈਨੋਵੇਸ਼ਨ ਲਈ 01 ਕਰੋੜ 97 ਲੱਖ ਰੁਪਏ ਜਾਰੀ ਹੋਏ ਹਨ ਜਿਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਇਸ ਮੌਕੇ ਸਕੂਲ ਮੁਖੀ ਪਵਿੰਦਰ ਕੁਮਾਰ, ਕਰਮਜੀਤ ਸਿੰਘ ਤੇ ਹਰਿੰਦਰ ਭੁੱਲਰ,ਚੇਅਰਮੈਨ ਐਸ.ਐਮ.ਸੀ. ਕੁਲਦੀਪ ਸਿੰਘ, ਹਰਜਿੰਦਰ ਸਿੰਘ ਤੇ ਹਰੀ ਨਰਾਇਣ, ਕਮਲਜੀਤ ਬਾਵਾ, ਰਣਜੀਤ ਫਰੀਦਕੇ, ਕੁਲਵੰਤ ਸਿੰਘ, ਕਰਮਜੀਤ ਫੌਜੀ ਸ਼ਹਿਰੀ ਪ੍ਰਧਾਨ, ਦਰਸ਼ਨ ਘਾਰੂ, ਜੱਗਾ ਸਿੰਘ ਐਮ ਸੀ, ਕਾਲਾ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਰਾਂ, ਜਮਨਾ ਸਿੰਘ, ਗਗਨਪ੍ਰੀਤ ਵਰਮਾ, ਸੁਰਿੰਦਰ ਸਾਗਰ, ਪ੍ਰਿੰਸੀਪਲ ਗੁਰਮੀਤ ਸਿੱਧੂ, ਪਿਆਰਾ ਸਿੰਘ ਗੁਰਨੇ, ਸ਼ਹੀਦ ਜਗਸੀਰ ਸਿੰਘ ਦੇ ਪਤਨੀ ਬਲਵੀਰ ਕੌਰ ਤੇ ਪਿਤਾ ਤੇਜਾ ਸਿੰਘ ਆਦਿ ਹਾਜ਼ਰ ਸਨ।























