

ਮਾਨਸਾ, 19 ਮਈ (ਸਾਰਾ ਯਹਾਂ/ਜਗਤਾਰ ਧੰਜਲ): ਪੰਜਾਬ ਵਿੱਚ ਬਿਜਲੀ ਦੀ ਵਧੀ ਖਪਤ ਨਾਲ ਨਜਿੱਠਣ ਲਈ ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿਖੇ ਨਿੱਜੀ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਵੱਲੋਂ ਸੂਬੇ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਦੀ ਪੈਦਾਵਾਰ ਕੀਤੀ ਜਾਣ ਲੱਗੀ ਹੈ। ਪ੍ਰਾਈਵੇਟ ਤਾਪਘਰਾਂ ਵੱਲੋਂ ਕੁੱਲ 3017 ਮੈਗਾਵਾਟ ਦਾ ਉਤਪਾਦਨ ਕੀਤਾ ਗਿਆ, ਜਦੋਂ ਇਹਨਾਂ ਤਿੰਨਾਂ ਦੀ ਕੁੱਲ ਸਮਰੱਥਾ 3380 ਮੈਗਾਵਾਟ ਹੈ। ਰਾਜ ਵਿੱਚ ਤਿੰਨ ਸਰਕਾਰੀ ਤਾਪਘਰਾਂ ਵੱਲੋਂ ਸਿਰਫ਼ 1406 ਮੈਗਾਵਾਟ ਬਿਜਲੀ ਹੀ ਸ਼ਾਮ ਵੇਲੇ ਪੈਦਾ ਕੀਤੀ ਗਈ, ਜਦੋਂ ਤਿੰਨ ਤਾਪਘਰਾਂ ਦੀ ਸਮਰੱਥਾ 2300 ਮੈਗਾਵਾਟ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਲੱਗੇ ਪ੍ਰਾਈਵੇਟ ਭਾਈਵਾਲੀ ਤਹਿਤ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਪਲਾਂਟ (ਟੀਐਸਪੀਐਲ) ਵੱਲੋਂ ਇਸ ਵੇਲੇ ਪੰਜਾਬ ਲਈ ਸਭ ਤੋਂ ਵੱਧ ਬਿਜਲੀ ਸਪਲਾਈ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਤਾਪ ਘਰ ਦੇ ਯੂਨਿਟ ਨੰਬਰ-1 ਤੋਂ 570, ਯੂਨਿਟ-2 ਤੋਂ 573 ਅਤੇ ਯੂਨਿਟ-3 ਤੋਂ 565 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਹੋਣ ਨਾਲ ਹੁਣ ਇਸ ਤਾਪ ਘਰ ਰਾਜ ਨੂੰ ਸਭ ਤੋਂ ਜ਼ਿਆਦਾ 1708 ਮੈਗਾਵਾਟ ਬਿਜਲੀ ਦੇਣ ਵਾਲਾ ਥਰਮਲ ਪਲਾਂਟ ਹੋ ਗਿਆ ਹੈ। ਇਸ ਤਾਪ ਘਰ ਦੇ ਇਸ ਵੇਲੇ ਤਿੰਨੋ ਯੂਨਿਟ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਗਈ ਹੈ।
ਟੀਐਸਪੀਅਲ ਦੇ ਸੀ.ਈ.ਓ ਵਿਕਾਸ ਸ਼ਰਮਾਂ ਦਾ ਕਹਿਣਾ ਹੈ ਕਿ ਤਾਪਘਰ ਦੇ ਤਿੰਨੇ ਯੂਨਿਟ ਬੜੀ ਵਧੀਆ ਪੁਜੀਸ਼ਨ ਵਿਚ ਕੰਮ ਕਰ ਰਹੇ ਹਨ ਅਤੇ ਕੋਇਲੇ ਦੀ ਘਾਟ ਸਮੇਤ ਕਈ ਹੋਰ ਤਕਲੀਫਾਂ ਨਾਲ ਜੂਝਣ ਦੇ ਬਾਵਜੂਦ ਹੁਣ ਪੰਜਾਬ ਲਈ ਬਿਜਲੀ ਪੈਦਾਵਾਰ ਦੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਵਿਆਪਕ ਬਿਜਲੀ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ।
ਇਸੇ ਤਰ੍ਹਾਂ ਜੀਜੀਐਸਐਸਟੀਪੀ ਰੋਪੜ ਤਾਪਘਰ ਦੇ 6 ਵਿਚੋਂ ਦੋ ਯੂਨਿਟ ਪਹਿਲਾਂ ਹੀ ਬੰਦ ਹਨ, ਬਾਕੀਆਂ ਵਿਚੋਂ ਯੂਨਿਟ ਨੰਬਰ-3 ਵੱਲੋਂ 158, ਯੂਨਿਟ ਨੰ:4 ਵੱਲੋਂ 153, ਯੂਨਿਟ ਨੰ:5 ਨੇ 152, ਯੂਨਿਟ ਨੰਬਰ-6 ਵੱਲੋਂ 157 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। 840 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪ ਘਰ ਵੱਲੋਂ ਲਗਭਗ 621 ਮੈਗਾਵਾਟ ਬਿਜਲੀ ਸਪਲਾਈ ਅੱਜ ਦਿੱਤੀ ਗਈ ਹੈ।
ਮਾਲਵਾ ਖੇਤਰ ਦੇ ਇੱਕ ਹੋਰ ਵੱਡੇ ਤਾਪਘਰ ਜੀਐਚਟੀਪੀ ਲਹਿਰਾ ਮੁਹੱਬਤ ਦੇ ਚਾਰ ਵਿਚੋਂ ਤਿੰਨ ਯੂਨਿਟ ਕੰਮ ਕਰ ਰਹੇ ਹਨ, ਇਸ ਤਾਪਘਰ ਦੇ ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਜੇ ਯੂਨਿਟ ਵੱਲੋਂ 187,183,230 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ, ਜਦੋਂ ਇਸ ਦੀ ਕੁੱਲ ਸਮਰੱਥਾ 599 ਮੈਗਾਵਾਟ ਹੈ।
ਉਧਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਗੋਵਿੰਦਵਾਲ ਦਾ ਯੂਨਿਟ ਨੰਬਰ-2 ਬੰਦ ਹੈ ਅਤੇ ਉਸਦਾ ਯੂਨਿਟ ਨੰਬਰ-1 250 ਮੈਗਾਵਾਟ ਬਿਜਲੀ ਸਪਲਾਈ ਦੇ ਸਕਿਆ ਹੈ, ਜਦੋਂ ਉਸ ਤਾਪਘਰ ਦੀ ਕੁੱਲ ਸਮਰੱਥਾ 540 ਮੈਗਾਵਾਟ ਹੈ।
ਦੂਜੇ ਪਾਸੇ ਪ੍ਰਾਈਵੇਟ ਸੈਕਟਰ ਦੇ ਇੱਕ ਹੋਰ ਤਾਪਘਰ ਐਲ ਐਂਡ ਟੀ ਰਾਜਪੁਰਾ ਵੱਲੋਂ ਯੂਨਿਟ ਨੰਬਰ-1 ਵੱਲੋਂ 659 ਅਤੇ ਯੂਨਿਟ ਨੰਬਰ-2 ਵੱਲੋਂ 650 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ ਹੈ, ਜਦੋਂ ਕਿ ਉਸਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ।
ਕੈਪਸ਼ਨ: ਬਣਾਂਵਾਲਾ ਤਾਪ ਘਰ ਦੇ ਤਿੰਨੋਂ ਠੰਡੇ ਟਾਵਰਾਂ ਵਿਚੋਂ ਨਿਕਲ ਰਹੀ ਭਾਫ਼।























