*ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਯੂਥ ਕਲੱਬ ਨਿਭਾਉਣਗੇ ਅਹਿਮ ਭੂਮਿਕਾ-ਜ਼ਿਲ੍ਹਾ ਯੂਥ ਪ੍ਰਧਾਨ*

0
31

ਮਾਨਸਾ, 19 ਮਈ(ਸਾਰਾ ਯਹਾਂ/ਮੁੱਖ ਸੰਪਾਦਕ) : ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਵੱਲੋਂ ਨਿਊ ਕਾਨਫਰੰਸ ਹਾਲ ਦਫ਼ਤਰ ਡਿਪਟੀ ਕਮਿਸ਼ਨਰ ਮਾਨਸਾ ਵਿਖੇ ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਸ. ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਯੂਥ ਕਲੱਬਾਂ ਦੇ ਗਠਨ ਨਾਲ ਨੌਜਵਾਨ ਪੀੜੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਨਸ਼ੇ ਦਾ ਜੜੋਂ ਖਾਤਮਾ ਕਰਨ ਸਬੰਧੀ ਪਿੰਡ ਪੱਧਰ ‘ਤੇ ਜਾਗਰੂਕਤਾ ਫੈਲਾਏਗੀ। ਟ੍ਰੇਨਿੰਗ ਸੈਸ਼ਨ ਦੌਰਾਨ ਵੀਡਿਓ ਕਾਨਫਰੰਸ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਲੱਬਾਂ ਦਾ ਮੁੱਖ ਉਦੇਸ਼ ਇਹ ਹੋਵੇਗਾ ਕਿ ਪਿੰਡਾਂ ਦੇ ਵਿੱਚ ਅਜਿਹੀ ਸੁਵਿਧਾ ਬਣਾਈ ਜਾ ਸਕੇ ਕਿ ਪਿੰਡ ਵਾਸੀਆਂ ਨੂੰ ਆਸਾਨੀ ਨਾਲ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਕਲੱਬਾਂ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਵੀ ਹੈ।
   ਉਨ੍ਹਾਂ ਕਿਹਾ ਕਿ ਨਸ਼ੇ ਦਾ ਖ਼ਾਤਮਾ ਕਰਨਾ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਪੁਨਰਵਾਸ ਕੇਂਦਰ ਅਤੇ ਨਸ਼ਾ ਛੁਡਾਉ ਕੇਂਦਰ ਕਾਰਜਸ਼ੀਲ ਕੀਤੇ ਗਏ ਹਨ, ਜਿਸ ਦਾ ਮੁੱਖ ਉਦੇਸ਼ ਨਸ਼ਾ ਪੀੜਤਾਂ ਨੂੰ ਮੁੜ ਤੋਂ ਆਮ ਵਰਗੀ ਜ਼ਿੰਦਗੀ ਜਿਉਣ ਦੇ ਕਾਬਲ ਬਣਾਉਣਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਵਿੱਚੋਂ ਨਸ਼ਾ ਕੱਢਣ ਲਈ ਜ਼ਿਲ੍ਹਾ ਯੂਥ ਕਲੱਬ ਬਣਾਉਣੇ ਬਹੁਤ ਜ਼ਰੂਰੀ ਹਨ ਅਤੇ ਸਮਾਜ ਦੀ ਬਿਹਤਰੀ ਲਈ ਔਰਤਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਸ ਵਿੱਚ ਘੱਟ ਤੋਂ ਘੱਟ 21 ਮੈਂਬਰ ਅਤੇ ਵੱਧ ਤੋਂ ਵੱਧ ਜ਼ਰੂਰਤ ਅਨੁਸਾਰ ਮੈਂਬਰ ਸ਼ਾਮਿਲ ਕੀਤੇ ਜਾਣਗੇ ਅਤੇ ਹਰ ਇੱਕ ਪਿੰਡ ਵਿਚ ਇੱਕ ਲੀਡਰ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਪੱਧਰ ‘ਤੇ ਇੱਕ ਕਲੱਬ ਬਣਾ ਲਿਆ ਗਿਆ ਤਾਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਲੱਬਾਂ ਨੂੰ ਸਿੱਧੇ ਤੌਰ ‘ਤੇ ਫੰਡ ਮੁਹੱਈਆ ਕਰਵਾਏ ਜਾਣਗੇ।
   ਉਨ੍ਹਾਂ ਵੱਲੋਂ ਕਲੱਬ ਬਣਨ ਤੋਂ ਬਾਅਦ ਕੀ ਕੀ ਕੰਮ ਕੀਤੇ ਜਾਣੇ ਹਨ ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ਼ ਸਿਲਾਈ ਦੇ ਕੰਮ ਲਈ ਸੈਂਟਰ ਬਣਾ ਕੇ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਦੀ ਸਿਰਜਣਾ ਦੀ ਡੋਰ ਨੌਜਵਾਨਾਂ ਦੇ ਮੋਢਿਆਂ ‘ਤੇ ਹੈ ਅਤੇ ਨੌਜਵਾਨਾਂ ਨੂੰ ਸੂਬੇ ਦੀ ਭਲਾਈ ਪ੍ਰਤੀ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਸਵੈ ਰੁਜਗਾਰ ਪੈਦਾ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
     ਇਸ ਦੌਰਾਨ ਜੂਡੋ ਖਿਡਾਰਨਾਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸ. ਹਰਪ੍ਰੀਤ ਸਿੰਘ ਮੂਸਾ ਲੈਕਚਰਾਰ ਵੱਲੋਂ ਯੂਥ ਫੈਸਟੀਵਲ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਬ ਟ੍ਰੇਨਰ ਜ਼ਿਲ੍ਹਾ ਯੂਥ ਪ੍ਰੈਜ਼ੀਡੈਂਟ ਰਮਨ ਗੁੜੱਦੀ, ਬਲਕਾਰ ਸਿੰਘ ਜਟਾਣਾ, ਟਿੰਕੂ ਪੰਜਾਬ, ਮਨਪ੍ਰੀਤ ਸਿੰਘ ਦਫ਼ਤਰ ਯੁਵਕ ਸੇਵਾਵਾਂ ਤੋਂ ਕੁਲਵਿੰਦਰ ਸਿੰਘ ਸਟੈਨੋ, ਪ੍ਰੋਗਰਾਮ ਅਫਸਰ ਸ. ਦਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਯੂਥ ਕਲੱਬਾਂ ਦੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here