

ਮਾਨਸਾ 15 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਆਸਮਾਨ ਉਚੇ ਨਹੀਂ ਹੁੰਦੇ, ਕਦਮਾਂ ਚ ਹੁੰਦੇ ਨੇ।ਬੁਲੰਦੀਆਂ ਨੂੰ ਹੌਂਸਲੇ,ਛੂਹਦੇ ਹਨ ਤੇ ਤਰੱਕੀਆਂ ਨੂੰ ਜਜ਼ਬੇ ਤੇ ਮਿਹਨਤਾਂ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਦੇ ਇਮਤਿਹਾਨਾਂ ਚ ਕਸਬਾ ਜੋਗਾ ਦੀ ਸ਼੍ਰੀ ਤਾਰਾ ਚੰਦ ਸਰਵਹਿਤਕਾਰੀ ਸੀਨੀਅਰ ਸੰਕੇਡਰੀ ਸਕੂਲ ਚ ਪੜਦੀ ਅਰਸ਼ ਨੇ ਇਹ ਸਾਬਿਤ ਕਰ,ਦਿਖਾਇਆ ਹੈ।ਉਸਨੇ ਬਾਰਵੀਂ ਦੇ ਇਮਤਿਹਾਨ ਚ 500 ਚੋਂ 498 ਨੰਬਰ ਲੈ ਕੇ ਪੂਰੇ ਸੂਬੇ ਚ ਤੀਜਾ ਨੰਬਰ ਲਿਆ ਹੈ। ਉਹ ਆਪਣੀ ਇਸ ਪ੍ਰਾਪਤੀ ਨੂੰ ਵੀ ਖੁਸ਼ੀ ਚ ਲੈਦਿਆਂ ਇਹ ਸੁਨੇਹਾ ਵੀ ਦਿੰਦੀ ਹੈ ਕਿ ਨਿਰੰਤਰ ਤੇ ਜਿਹਨ ਚ ਵਗਦੀ ਮਿਹਤਨ ਸਾਨੂੰ ਇਕ ਨਾ ਇਕ ਦਿਨ ਅੱਵਲ ਬਣਾ ਦਿੰਦੀ ਹੈ। ਨੰਨੀ ਅਰਸ਼ ਪ੍ਰਾਪਤੀ ਨੂੰ ਭਵਿੱਖ ਚ ਆਈ ਏ ਐਸ ਅਫਸਰ ਬਣਕੇ ਦੇਸ਼ ਸੇਵਾ ਚ ਲਾਉਣ ਦੀ ਰੀਝ ਰੱਖਦੀ ਹੈ। ਉਹ ਕਹਿੰਦੀ ਹੈ ਕਿ ਰੀਝਾਂ ਪੂਰੀਆਂ ਜਰੂਰ ਹੁੰਦੀਆਂ ਨੇ, ਪਰ ਰੀਝਾਂ ਦਾ ਮੁਲਾਂਕਣ ਜੇਕਰ ਸਖਤ ਮਿਹਨਤ , ਹਲੋਰੇ ਮਾਰਦਾ ਜਜਬੇ ਵਾਲਾ ਹੋਵੇ। ਅਰਸ਼ ਨੇ ਅਰਸ਼(ਆਸਮਾਨ) ਛੂਹਿਆ ਹੈ, ਉਹਦੇ ਹੌਂਸਲੇ ਤੇ ਗੱਲਾਂ ਵਿੰਨਦੇ ਬੋਲਾਂ ਤੋਂ ਜਾਪਦਾ ਹੈ ਕਿ ਉਹ ਨਿਰੰਤਰ ਅਗਲੀ ਪੜਾਈ ਦੀ ਪੈੜ ਚਾਲ ਚ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹੇਗੀ। ਅਰਸ਼ ਵਲੋਂ ਬਾਰਵੀਂ ਦੀ ਪ੍ਰੀਖਿਆ ਚੋਂ ਸੂਬੇ ਭਰ ਚ ਲਏ ਤੀਜੇ ਸਥਾਨ ਨੇ ਸਕੂਲ, ਮਾਪਿਆਂ ਇਲਾਕੇ ਦਾ ਝੰਡਾ ਲਹਿਰਾ ਦਿੱਤਾ ਹੈ।ਪਰਬਤੋਂ ਉਚੇ ਉਹਦੇ ਹੌਂਸਲੇ,ਪੜਨ ਦੀ ਚੇਸ਼ਟਾ, ਪੜਾਈ ਨੂੰ ਜਿੰਦਗੀ ਦੀ ਸਹੇਲੀ ਬਣਾ ਲੈਣਾ, ਆਈ ਏ ਐਸ ਅਫ਼ਸਰ ਬਣਨਾ ਦੀ ਜਿਗਿਆਸਾ, ਔਖਾ ਕੁਝ ਵੀ ਨਹੀਂ ਹੁੰਦਾ, ਇਹ ਸਭ ਕਹਿੰਦੇ ਜਾਪਣੇ ਨੇ। ਜਿੱਥੇ ਅੱਜ ਦੇ ਆਧੁਨਿਕ ਵੇਲਿਆਂ ਚ ਕੁੜੀਆਂ ਨੂੰ ਥੋੜਾ ਬਹੁਤ ਪੜਾਈ ਕੇ ਵਿਆਹੁਣ ਦੀ ਸੋਚ ਜਿਆਦਾ ਵਿਕਸਤ ਹੋ ਰਹੀ ਹੈ, ਉਥੇ ਅਰਸ਼ ਵਰਗੀਆਂ ਧੀਆਂ-ਧਿਆਣੀਆਂ ਦੀ ਪ੍ਰਾਪਤੀ ਕੁੜੀਆਂ ਦੇ ਰੁਤਬੇ ਬਾਰੇ ਸਮਾਜ ਨੂੰ ਸੋਚ ਦਾ ਹਲੂਣਾ ਦਿੰਦੀ ਹੈ। ਇੰਝ ਲਗਦਾ ਹੈ ,ਜਿਵੇਂ ਸਾਰੀਆਂ ਕੁੜੀਆਂ ਭਵਿੱਖ ਚ ਅਰਸ਼ ਬਣ ਸਕਦੀਆਂ ਨੇ,ਉਸਦੀ ਪ੍ਰਾਪਤੀ ਦੀ ਗੂੰਜ ਇਹੋ ਕਹਿੰਦੀ ਜਾਪਦੀ ਹੈ। ਅਰਸ਼ ਨੂੰ ਅੰਬਰੋਂ ਵੱਡੀਆਂ ਮੁਬਾਰਕਾਂ।























