

ਮਾਨਸਾ 09 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਪੰਜਾਬ ਰਜਿ. 295 ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ , ਸਕੱਤਰ ਗੁਰਮੇਲ ਮਾਛੀਕੇ , ਕੈਸ਼ੀਅਰ ਰਾਕੇਸ਼ ਮਹਿਤਾ, ਸੀਨੀਅਰ ਵਾਇਸ ਪ੍ਰਧਾਨ ਸੀ ਆਰ ਸ਼ੰਕਰ, ਸੂਬਾ ਆਗੂ ਰਵਿੰਦਰ ਸ਼ਰਮਾ ਅਤੇ ਤਿਲਕ ਰਾਜ ਕੰਬੋਜ, ਨੇ ਇੱਕ ਸਾਂਝਾ ਪ੍ਰੈਸ ਜਾਰੀ ਕਰਦਿਆਂ ਡੇਰਾ ਬੱਸੀ ਦੇ ਹਲਕਾ ਵਿਧਾਇਕ ਵੱਲੋਂ ਪਿੰਡਾਂ ਅਤੇ ਸ਼ਹਿਰੀ ਗਰੀਬ ਬਸਤੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਮੈਡੀਕਲਪ੍ਰੈਕਟੀਸ਼ਨਰਾਂ ਖਿਲਾਫ਼ ਕੀਤੀ ਗਲਤ ਬਿਆਨਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਪਿਛਲੇ ਲੰਮੇ ਸਮੇਂ ਤੋਂ ਸਰਮਾਏਦਾਰੀ ਸੋਚ ਦੇ ਧਾਰਨੀ ਲੋਕਾਂ ਵੱਲੋਂ ਕਿੱਤੇ ਨੂੰ ਉਜਾੜਨ ਦੀਆਂ ਗਿੱਦੜ ਚਾਲਾਂ ਦਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੂੰਹ ਤੋੜ ਜਵਾਬ ਦਿੰਦੀ ਆਈ ਹੈ। ਭਵਿੱਖ ‘ਚ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਖਿਲਾਫ਼ ਹਰ ਕਦਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇੱਕ ਪਾਸੇ ਲੋਕ ਪੱਖੀ ਸੋਚ ਰੱਖਣ ਵਾਲੇ ਵਿਧਾਇਕ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕਾਨੂੰਨੀ ਮਾਨਤਾ ਸਬੰਧੀ ਮੰਗ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਚੁੱਕੇ ਹਨ। ਦੂਜੇ ਪਾਸੇ ਲੋਕ ਵਿਰੋਧੀ ਸੋਚ ਦਾ ਮਾਲਕ ਉਕਤ ਵਿਧਾਇਕ ਲੋਕਾਂ ਦੇ ਦੁੱਖਾਂ ਸੁੱਖਾ ਦੇ ਸਾਝੀ ਪ੍ਰੈਕਟੀਸ਼ਨਰਾਂ ਨੂੰ ਬੰਦ ਕਰਾਉਣ ਦੇ ਲੋਕ ਵਿਰੋਧੀ ਬਿਆਨ ਦਾਗ ਰਿਹਾ ਹੈ। ਭਾਰਤ ਪਾਕਿ ਜੰਗ ਸਬੰਧੀ ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਜੰਗ ਨਹੀਂ ਚਾਹੁੰਦੇ ਅਮਨ ਸ਼ਾਂਤੀ ਚਾਹੁੰਦੇ ਹਨ। ਕਿਉਂਕਿ ਇਸ ਬੇਲੋੜੀ
ਜੰਗ ਵਿੱਚ ਦੋਨਾਂ ਦੇਸ਼ਾਂ ਦਾ ਵੱਡਾ ਜਾਨੀ ਮਾਲੀ ਨੁਕਸਾਨ ਹੋਵੇਗਾ। ਜੰਗ ਵਿੱਚ ਬੇਗੁਨਾਹ ਗਰੀਬ ਲੋਕ ਭਾਵੇਂ ਉਹ ਪਾਕਿਸਤਾਨ ਦੇ ਹੋਣ ਜਾਂ ਭਾਰਤ ਦੇ ਹੋਣ ਉਨ੍ਹਾਂ ਦੀਆਂ ਕੀਮਤੀ ਜਾਨਾਂ ਭੰਗ ਦੇ ਭਾੜੇ ਜਾਣਗੀਆਂ। ਇਸਦਾ ਸੰਤਾਪ ਭਵਿੱਖੀ ਪੀੜ੍ਹੀਆਂ ਨੂੰ ਲੰਮੇ ਸਮੇਂ ਲਈ ਭੁਗਤਣਾ ਪਵੇਗਾ। ਉਨ੍ਹਾਂ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜੋ ਮਸਲੇ ਹਨ ਉਨ੍ਹਾਂ ਨੂੰ ਜੰਗ ਦੀ ਬਜਾਇ ਗੱਲਬਾਤ ਰਾਹੀ ਸੁਲਝਾਇਆ ਜਾਵੇ। ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਪੰਜਾਬ ਵੱਲੋਂ ਜੰਗ ਤੋਂ ਪੀੜਿਤ ਲੋਕਾਂ ਦੀ ਹਰ ਹਾਲਤ ਵਿੱਚ ਆਪਣੇ ਵਿੱਤ ਮੁਤਾਬਕ ਮੱਦਦ ਕੀਤੀ ਜਾਵੇਗੀ। ਉਨ੍ਹਾਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਸਰਕਾਰੀ ਹਦਾਇਤਾਂ ਤੋਂ ਜਾਣੂ ਕਰਾਉਣ। ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਤੋਂ ਵੀ ਸੁਚੇਤ ਰਹਿ ਕੇ ਆਪਸੀ ਭਾਈਚਾਰੇ ਅਤੇ ਮਿਲਵਰਤਣ ਨੂੰ ਕਾਇਮ ਰੱਖਦਿਆਂ ਲੋੜਵੰਦਾਂ ਦੀ ਮਦਦ ਲਈ ਪਿਰਤ ਅਨੁਸਾਰ ਅੱਗੇ ਆ ਕੇ ਸਾਵਧਾਨੀਆਂ ਦਾ ਵੀ ਖਿਆਲ ਰੱਖਣ।























