

ਨਵੀਂ ਦਿੱਲੀ: ਨਾਬਾਲਗ਼ ਨਾਲ ਬਲਾਤਕਾਰ ਦੇ ਇਲਜ਼ਾਮ ਹੇਠ ਜੋਧਪੁਰ ਅਦਾਲਤ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਸਕੂਲਾਂ ਵਿੱਚ ਆਸਾਰਾਮ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਦਾਅਵੇ ਨਾਲ ਤੀਜੀ ਜਮਾਤ ਦੀ ਕਿਤਾਬ ਵਿੱਚ ਆਸਾਰਾਮ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ।
ਕੀ ਦਾਅਵਾ ਕੀਤਾ ਜਾ ਰਿਹਾ ਹੈ?
ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ਵਿੱਚ ਗੁਰੂ ਨਾਨਕ ਦੇਵ, ਮਹਾਵੀਰ ਜੈਨ, ਕਬੀਰ, ਵਿਵੇਕਾਨੰਦ, ਮਦਰ ਟੇਰੇਸਾ, ਮੀਰਾਬਾਈ, ਸ਼ੰਕਰਾਚਾਰਿਆ, ਰਾਮਕ੍ਰਿਸ਼ਣ ਪਰਮਹੰਸ, ਦਿਆਨੰਦਰ ਸਰਸਤਵੀ ਤੇ ਬਾਬਾ ਰਾਮਦੇਵ ਦਰਮਿਆਨ ਮੁਸਕਰਾਉਂਦੇ ਹੋਏ ਆਸਾਰਾਮ ਦੀ ਤਸਵੀਰ ਵੀ ਹੈ। ਨਿਊਜ਼ ਏਜੰਸੀ ਏਐਨਆਈ ਦੇ ਟਵੀਟ ਮੁਤਾਬਕ ਇਹ ਵਾਇਰਲ ਫ਼ੋਟੋ ਇੱਕ ਅਗਸਤ 2015 ਦਾ ਹੈ।
ਕੀ ਹੈ ਇਸ ਦਾਅਵੇ ਦਾ ਸੱਚ?
ਪੜਤਾਲ ਵਿੱਚ ਪਤਾ ਲੱਗਾ ਹੈ ਕਿ 2015 ਵਿੱਚ ਐਨਸੀਆਰਟੀਈ ਦੇ ਸੀਸੀਈ ਪੈਟਰਨ ‘ਤੇ ਆਧਾਰਤ ਕਿਤਾਬ ਨਯਾ ਉਜਾਲਾ ਦੇ ਸਫ਼ਾ ਨੰਬਰ 40 ‘ਤੇ ਦੇਸ਼ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਸੰਤਾਂ ਦੀ ਸ਼੍ਰੇਣੀ ਵਿੱਚ ਆਸਾਰਾਮ ਨੂੰ ਰੱਖਿਆ ਗਿਆ ਹੈ। ਆਸਾਰਾਮ ਨੂੰ ਇੱਕ ਸਤੰਬਰ 2013 ਨੂੰ ਬਲਾਤਕਾਰ ਦੇ ਇਲਜ਼ਾਮ ਹੇਠ ਜੇਲ੍ਹ ਵਿੱਚ ਡੱਕਿਆ ਗਿਆ ਸੀ। ਇਸ ਦਾ ਮਤਲਬ ਕਿ ਤਕਰੀਬਨ ਦੋ ਸਾਲ ਬਾਅਦ ਤਕ ਰਾਜਸਥਾਨ ਵਿੱਚ ਤੀਜੀ ਜਮਾਤ ਵਿੱਚ ਆਸਾਰਾਮ ਨੂੰ ਇਨ੍ਹਾਂ ਵੱਡੇ-ਵੱਡੇ ਸੰਤਾਂ ਦੀ ਸ੍ਰੇਣੀ ਵਿੱਚ ਰੱਖਿਆ ਜਾਂਦਾ ਰਿਹਾ ਹੈ।
ਇੰਝ ਪਤਾ ਲੱਗੀ ਸੱਚਾਈ
ਰਾਜਸਥਾਨ ਦੇ ਜੋਧਪੁਰ ਵਿੱਚ ਸਰਬ ਸਿੱਖਿਆ ਅਭਿਆਨ ਦੇ ਵਧੀਕ ਜ਼ਿਲ੍ਹਾ ਯੋਜਨਾਕਾਰ ਮਦਨ ਲਾਲ ਬਿਸ਼ਨੋਈ ਨੇ ਦੱਸਿਆ ਕਿ ਆਸਾਰਾਮ ‘ਤੇ ਬਲਾਤਕਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਕਿਤਾਬ ‘ਤੇ ਰੋਕ ਲਾ ਦਿੱਤੀ ਗਈ ਤੇ ਆਸਾਰਾਮ ਦਾ ਨਾਂ ਸੰਤਾਂ ਦੀ ਸ਼੍ਰੇਣੀ ਵਿੱਚੋਂ ਹਟਾ ਦਿੱਤਾ ਗਿਆ।
ਦਾਅਵੇ ਦੀ ਪੁਣਛਾਣ ਤੋਂ ਇਹ ਪਤਾ ਲੱਗਿਆ ਹੈ ਕਿ ਸਾਲ 2015 ਤਕ ਆਸਾਰਾਮ ਨੂੰ ਕਿਤਾਬਾਂ ਵਿੱਚ ਸੰਤ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਰਿਹਾ ਪਰ ਹੁਣ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ। ਇਸ ਲਈ ਰਾਜਸਥਾਨ ਦੇ ਸਕੂਲਾਂ ਵਿੱਚ ਆਸਾਰਾਮ ਬਾਰੇ ਪੜ੍ਹਾਈ ਦਾ ਦਾਅਵਾ ਝੂਠਾ ਸਾਬਤ ਹੋਇਆ ਹੈ।
























