

ਮਾਨਸਾ 28 ਅਪ੍ਰੈਲ(ਸਾਰਾ ਯਹਾਂ/ਜੋਨੀ ਜਿੰਦਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜ਼ਿਲ੍ਹਾ ਮਾਨਸਾ ਦੀਆਂ ਸੰਯੁਕਤ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਹੱਕੀ ਅਤੇ ਲੋਕ ਪੱਖੀ ਸੰਘਰਸ਼ਾਂ ਵਿੱਚ ਸ਼ਾਮਲ ਕਿਸਾਨ ਆਗੂਆਂ ਅਤੇ ਇਨਸਾਫ ਪਸੰਦ ਲੋਕਾਂ ਉੱਤੇ ਪੁਲਿਸ ਵਧੀਕੀਆਂ ਅਤੇ ਗੁੰਡਾ ਹਮਲਿਆਂ ਵਿਰੁੱਧ ਮੰਗਾਂ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਨਾਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਸੌਂਪਿਆ ਗਿਆ। ਸੰਯੁਕਤ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਆਦਰਸ਼ ਸਕੂਲ ਚਾਉਕੇ ਜ਼ਿਲ੍ਹਾ ਬਠਿੰਡਾ ਅਤੇ ਅਖਾੜਾ (ਜਗਰਾਉਂ) ਅਤੇ ਸੰਗਰੂਰ ਵਿਖੇ ਪੁਲਿਸ ਸੰਘਰਸ਼ਸ਼ੀਲ ਅਧਿਆਪਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਉੱਤੇ ਜ਼ਬਰ ਢਾਹਿਆ ਗਿਆ ਅਤੇ ਦਰਜਨਾਂ ਲੋਕਾਂ ਨੂੰ ਜੇਲ੍ਹੀ ਡੱਕਿਆ ਗਿਆ ਔਰਤ ਆਗੂਆਂ ਨਾਲ ਵੀ ਅਪਮਾਨਜਨਕ ਰਵੱਈਆ ਅਪਣਾਇਆ ਗਿਆ ਹੈ। ਅਖਾੜਾ ਜਗਰਾਉਂ ਵਿਖੇ ਗੰਭੀਰ ਬੀਮਾਰੀਆਂ ਨੂੰ ਜਨਮ ਦੇਣ ਵਾਲੀ ਬਨਣ ਜਾ ਰਹੀ ਫੈਕਟਰੀ ਦਾ ਵਿਰੋਧ ਕਰਨ ਵਾਲੇ ਲੋਕਾਂ ਤੇ ਅਣਮਨੁੱਖੀ ਜ਼ਬਰ ਢਾਹਿਆ ਗਿਆ ਅਤੇ ਦੋ ਦਰਜਨ ਦੇ ਕਰੀਬ ਟੀਚਰ ਸਮੇਤ ਕਿਸਾਨ ਅਤੇ ਪਿੰਡ ਵਾਸੀ ਅਜੇ ਵੀ ਜੇਲ੍ਹੀ ਬੰਦ ਹਨ। ਪੁਲਿਸ ਜਬਰ ਬੰਦ ਕਰਕੇ ਜਨਤਕ ਸੰਘਰਸ਼ ਕਰਨ ਦਾ ਬੁਨਿਆਦੀ ਜਮਹੂਰੀ ਹੱਕ ਬਹਾਲ ਕਰਨ ਦੀ ਮੰਗ ਕਰਦਿਆਂ ਫਾਰਗ ਕੀਤੇ ਅਧਿਆਪਕਾਂ ਨੂੰ ਤਰੁੰਤ ਬਹਾਲ ਕਰਨ, ਟੀਚਰ ਸੰਦੀਪ ਦੀ ਕਾਰ ਵਿੱਚੋਂ ਚੋਰੀ ਨਕਦੀ ਅਤੇ ਸੋਨੇ ਦੇ ਕੈਂਪਸ , ਮੁਬਾਇਲ ਫੋਨ ਚੋਰੀਂ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ ਅਤੇ ਨਕਦੀ, ਸੋਨਾ ਫੋਨ ਅਤੇ ਕਾਰ ਵਾਪਿਸ ਦਵਾਈ ਜਾਵੇ ਅਤੇ ਪ੍ਰਬੰਧਕੀ ਕਮੇਟੀ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਜਾਵੇ। ਔਰਤ ਆਗੂਆਂ ਦੀ ਬੇਤਹਾਸ਼ਾ ਕੁੱਟਮਾਰ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਅਖਾੜਾ ਵਿਖੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ , ਮਜਦੂਰਾਂ ਤੇ ਅੰਨਾ ਤਸ਼ੱਦਦ ਢਾਹੁਣ ਵਾਲੇ ਜ਼ੁੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੋਰਚੇ ਵਿੱਚ ਲੱਗੇ ਟੈਂਟ ਦਾ ਮੁਆਵਜ਼ਾ , ਫਰਿਜ਼, ਕੂਲਰ, ਲੰਗਰ ਦੇ ਭਾਂਡੇ/ ਰਾਸ਼ਨ ਅਤੇ ਦੋ ਟਰਾਲੀਆਂ ਸਹੀ ਸਲਾਮਤ ਵਾਪਿਸ ਕੀਤੀਆਂ ਜਾਣ ਅਤੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਸੰਗਰੂਰ ਨਿਰਭੈ ਸਿੰਘ ਖਾਈ ਤੇ ਹੋਏ ਜਾਨਲੇਵਾ ਹਮਲੇ ਦੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਫੌਰੀ ਗਿਰਫ਼ਤਾਰ ਕੀਤਾ ਜਾਵੇ।
ਇਸਤੋਂ ਇਲਾਵਾ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਲਈ 2 ਮਈ ਨੂੰ ਬੋਹਾ ਥਾਣੇ ਅੱਗੇ ਲਾਏ ਜਾਣ ਵਾਲੇ ਧਰਨੇ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਨ ਵਾਲਿਆਂ ਵਿੱਚ ਬੀਕੇਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਬੀਕੇਯੂ ਡਕੌਂਦਾ ਧਨੇਰ ਦੇ ਕੁਲਵੰਤ ਸਿੰਘ ਕਿਸ਼ਨਗੜ੍ਹ, ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਲਛਮਣ ਸਿੰਘ, ਬੀਕੇਯੂ ਉਗਰਾਹਾਂ ਦੇ ਬੱਗਾ ਸਿੰਘ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਧੰਨਾ ਮੱਲ ਗੋਇਲ, ਬੀਕੇਯੂ ਕ੍ਰਾਂਤੀ ਦੇ ਭਜਨ ਸਿੰਘ ਘੁੰਮਣ, ਬੀਕੇਯੂ ਮਾਨਸਾ ਦੇ ਬੋਘ ਸਿੰਘ ਮਾਨਸਾ, ਕੁਲ ਹਿੰਦ ਕਿਸਾਨ ਸਭਾ ਅਜੈਭਵਨ ਦੇ ਰੂਪ ਸਿੰਘ ਢਿੱਲੋਂ, ਪੰਜਾਬ ਕਿਸਾਨ ਯੂਨੀਅਨ ਦੇ ਇਕਬਾਲ ਸਿੰਘ ਫਫੜੇ, ਜਮਹੂਰੀ ਕਿਸਾਨ ਸਭਾ ਦੇ ਮੇਜ਼ਰ ਸਿੰਘ ਦੂਲੋਵਾਲ, ਕ੍ਰਾਂਤੀ ਕਿਸਾਨ ਯੂਨੀਅਨ ਦੇ ਹਰਜੀਤ ਸਿੰਘ ਮੌਜੂਦ ਸਨ।























