

ਮਾਨਸਾ, 25 ਅਪ੍ਰੈਲ: (ਸਾਰਾ ਯਹਾਂ/ਮੁੱਖ ਸੰਪਾਦਕ)
ਗਰਮੀ ਅਤੇ ਬਰਸਾਤੀ ਮੌਸਮ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਊ ਕਾਨਫਰੰਸ ਹਾਲ ਵਿਖੇ ਹੋਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਮਿਉਂਸਪਲ ਕਮੇਟੀ ਅਤੇ ਹੋਰ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਡੇਂਗੂ, ਮਲੇਰੀਆ, ਚਿਕਨਗੁਨੀਆਂ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਵਿਭਾਗਾਂ ਵੱਲੋਂ ਆਪਣੇ ਆਪਣੇ ਕੰਮ ਨੂੰ ਜਿੰਮੇਵਾਰੀ ਨਾਲ ਨਿਭਾਇਆ ਜਾਵੇ।
ਉਨ੍ਹਾਂ ਸਿਹਤ ਅਤੇ ਮਿਊਂਸਿਪਲ ਕਮੇਟੀ ਨੂੰ ਫੋਗਿੰਗ ਕਰਨ ਅਤੇ ਲਾਰਵੇ ਨੂੰ ਨਸ਼ਟ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਏਰੀਏ ਵਿੱਚ ਡੇਗੂ ਅਤੇ ਮਲੇਰੀਏ ਦਾ ਕੇਸ ਪਾਇਆ ਜਾਂਦਾ ਹੈ ਤਾਂ ਉਸਦੇ ਆਲੇ ਦੁਆਲੇ ਘਰਾਂ ਦਾ ਤੁਰੰਤ ਫੀਵਰ ਸਰਵੇ ਕਰਵਾਇਆ ਜਾਵੇ, ਸਪਰੇਅ ਦਾ ਛਿੜਕਾਅ ਕਰਵਾਇਆ ਜਾਵੇ। ਲੋਕਾਂ ਨੂੰ ਇੰਨਾ ਬਿਮਾਰੀਆਂ ਤੋਂ ਬਚਣ ਲਈ ਸਮੇਂ ਸਮੇਂ ’ਤੇ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਰਮ ਲੂ ਦੇ ਮੌਸਮ ਵਿਚ ਸਰੀਰ ਦੀ ਸਿਹਤਮੰਦੀ ਲਈ ਸਿਹਤ ਵਿਭਾਗ ਵੱਲੋਂ ਜਾਰੀ ਸਲਾਹਕਾਰੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।
ਇਸ ਮੌਕੇ ਡਾ. ਬਲਜੀਤ ਕੌਰ ਜਿਲਾ ਟੀਕਾਕਰਨ ਅਫ਼ਸਰ, ਡਾ. ਵੇਦ ਪ੍ਰਕਾਸ਼ ਸੰਧੂ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ, ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਸ੍ਰੀ ਸੰਤੋਸ਼ ਭਾਰਤੀ ਐਪੀਮੈਲੋਜਿਸਟ, ਰਾਮ ਕੁਮਾਰ ਸਿਹਤ ਸੁਪਰਵਾਈਜ਼ਰ, ਗੁਰਿੰਦਰਜੀਤ ਸਿੰਘ ਸਿਹਤ ਕਰਮਚਾਰੀ, ਬਲਜੀਤ ਸਿੰਘ ਸਿਹਤ ਕਰਮਚਾਰੀ, ਕਰਮਵੀਰ ਕੌਰ ਤੋਂ ਇਲਾਵਾ ਹੋਰ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਹਾਜ਼ਰ ਸਨ।























