

ਮਾਨਸਾ 15 ਅਪ੍ਰੈਲ (ਸਾਰਾ ਯਾਹਾ/ਮੁੱਖ ਸੰਪਾਦਕ) ਕੇਂਦਰ ਤੇ ਪੰਜਾਬ ਸਰਕਾਰ ਸ਼ਹੀਦਾਂ ਨਾਲ ਸ਼ਰੇਆਮ ਪੱਖਪਾਤ ਕਰ ਰਹੀਆਂ ਹਨ। ਪੰਜਾਬ ਚ ਜਿੱਥੇ ਕਿਤੇ ਚੋਣ ਹੋਣ, ਉਨਾਂ ਖੇਤਰਾਂ ਦੇ ਸ਼ਹੀਦਾਂ ਨੂੰ ਮੁਆਵਜੇ ਮਿਲੇ, ਬਾਕੀ ਸ਼ਹੀਦਾਂ ਦੀ ਕਦੇਂ ਕਿਸੇ ਸਰਕਾਰ ਨੇ ਕੋਈ ਸਾਰ ਨਹੀਂ ਲਈ, ਸਿਰਫ ਐਲਾਨ ਹੀ ਕੀਤੇ ਹਨ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਨੂੰ ਪਿੰਡ ਅਕਲੀਆ ਦੇ ਸ਼ਹੀਦ ਹੋਏ ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਹ ਗੱਲ ਕਹੀ।ਉਨਾਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਕੇਂਦਰ ਵੱਲੋ ਦੇਸ਼ ਲਈ ਸ਼ਹਾਦਤ,ਦੇਣ ਵਾਲੇ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਹੀ ਦਿੱਤਾ ਜਾਂਦਾ, ਇਸੇ ਬਦੌਲਤ ਅੱਜ ਅਕਲੀਆ ਦੇ ਸ਼ਹੀਦ ਲਵਪ੍ਰੀਤ ਸਿੰਘ ਦੇ ਮਾਪੇ ਸਰਕਾਰੀ ਸਹਾਇਤਾ ਲੈਣ ਲਈ ਭੜਕ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ 1ਕਰੋੜ ਦੀ ਸਹਾਇਤਾ ਲਈ ਐਲਾਨ ਤਾਂ ਕਰ ਦਿੱਤਾ, ਪਰ ਹਾਲੇ ਤੱਕ ਦੋ ਮਹੀਨੇ ਬੀਤਣ ਦੇ ਬਾਅਦ ਤੱਕ ਵੀ ਸ਼ਹੀਦ ਦੇ ਪਰਿਵਾਰ ਨੂੰ ਇਹ ਸਹਾਇਤਾ ਨਹੀਂ ਦਿਤੀ ਗਈ। ਐਮਪੀ ਬੀਬਾ ਬਾਦਲ ਨੇ ਕਿਹਾ ਕਿ ਜੇਕਰ ਇੱਥੇ ਕੋਈ ਚੋਣ ਹੁੰਦੀ ਤਾਂ ਇਹ ਸਹਾਇਤਾ ਫੌਰੀ ਮਿਲ ਜਾਂਦੀ, ਲਵਪ੍ਰੀਤ ਸਿੰਘ ਦੀ ਸ਼ਹਾਦਤ ਤੇ ਉਸਦੇ ਪਰਿਵਾਰ ਦੀ ਭਗਵੰਤ ਮਾਨ ਸਰਕਾਰ ਨੇ ਸਾਰ,ਤੱਕ ਨਹੀਂ ਲਈ। ਉਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਿਰਫ ਗੱਲਾਂ ਆਉਂਦੀਆਂ ਹਨ, ਹੋਰ ਕੁਝ ਨਹੀਂ।ਉਹ ਗੱਲਾਂ ਦਾ ਕੜਾਹ ਬਣਾ ਕੇ ਵੰਡ ਰਹੇ ਹਨ। ਉਨਾਂ ਕਿਹਾ ਕਿ ਅਗਨੀਵੀਰ ਨੂੰ ਸ਼ਹਾਦਤ ਹੋਣ ਤੇ ਉਸਨੂੰ ਸ਼ਹੀਦ ਦਾ ਦਰਜਾ ਦੇਣਾ ਵੀ ਸੰਬੰਧੀ ਉਨਾਂ ਲੋਕ ਸਭਾ ਚ ਵੀ ਬਹੁਤ ਵਾਰ ਬੋਲਿਆ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਦੀ ਇਹ ਪਤਾ ਨਹੀਂ ਕਿਹੜੀ ਜਿੱਦ ਹੈ ਕਿ ਉਹ ਇਸ ਤੇ ਕੁਝ ਸੁਣਦੀ ਤੱਕ ਨਹੀਂ। ਇਸ ਦੌਰਾਨ ਮੈਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਿੰਡ ਦੇ ਪਾਰਕ ਚ ਸ਼ਹੀਦ ਦੀ ਯਾਦਗਾਰ ਲਈ ਸ਼ੈੱਡ ਬਣਾਉਣ ਖਾਤਰ 7 ਲੱਖ ਰੁਪਏ ਦਾ ਚੈਕ ਦਿੱਤਾ। ਉਨਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਸ਼ਹੀਦ ਦੀ ਸ਼ਹਾਦਤ ਲਈ ਉਹ ਹੋਰ ਵੀ ਕੁਝ ਕਰ ਸਕਣ।ਉਨਾਂ ਇਸ ਦੌਰਾਨ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਵਾਲੀ ਸਹਾਇਤਾ ਹਾਲੇ ਤੱਕ ਨਾ ਮਿਲਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਉਨਾਂ ਨਾਲ ਪ੍ਰੇਮ ਅਰੋੜਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਗੁਰਮੇਲ ਸਿੰਘ ਫਫੜੇ,ਮਾ ਗੁਰਚਰਨ ਸਿੰਘ, ਭਰਪੂਰ ਸਿੰਘ ਅਤਲਾ,ਗੁਰਦੀਪ ਸਿੰਘ, ਗੁਰਵਿੰਦਰ ਸਿੰਘ,ਇਸਤਰੀ ਅਕਾਲੀ ਦਲ ਦੀ ਜਿਲਾ ਪ੍ਰਧਾਨ ਕਰਮਜੀਤ ਕੌਰ ਸਮਾਓ ਆਦਿ ਹਾਜ਼ਰ ਸਨ।























