

ਫਗਵਾੜਾ 10 ਅਪ੍ਰੈਲ (ਸ਼ਿਵ ਕੌੜਾ) ਮਨੁੱਖੀ ਅਧਿਕਾਰ ਪ੍ਰੀਸ਼ਦ (ਭਾਰਤ) ਦੇ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਰਮਨ ਨਹਿਰਾ ਨੂੰ ਪੰਜਾਬ ਭਾਜਪਾ ਵੱਲੋਂ ਐਨ.ਜੀ.ਓ. ਸੈੱਲ ਦੀ ਸੂਬਾ ਇਕਾਈ ਦਾ ਕਾਰਜਕਾਰੀ ਮੈਂਬਰ ਬਣਾਏ ਜਾਣ ਦਾ ਸਵਾਗਤ ਕੀਤਾ ਹੈ। ਰਮਨ ਨਹਿਰਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕਰਦੇ ਹੋਏ ਆਸ਼ੂ ਮਾਰਕੰਡਾ ਨੇ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਰਮਨ ਨਹਿਰਾ ਵੱਖ-ਵੱਖ ਐਨ.ਜੀ.ਓਜ. ਨਾਲ ਜੁੜੇ ਹੋਏ ਹਨ। ਜਿਸ ਦਾ ਫਾਇਦਾ ਭਾਜਪਾ ਨੂੰ ਜ਼ਰੂਰ ਮਿਲੇਗਾ। ਇਹ ਸੈੱਲ ਰਮਨ ਨਹਿਰਾ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਮਦਦ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਲੋੜਵੰਦਾਂ ਤੱਕ ਪਹੁੰਚਾਉਣ ਵਿਚ ਸਹਾਈ ਬਣੇਗਾ। ਇਸ ਦੌਰਾਨ ਮੌਜੂਦ ਰਹੇ ਮਨੁੱਖੀ ਅਧਿਕਾਰ ਪ੍ਰੀਸ਼ਦ ਐਂਟੀ ਕਰੱਪਸ਼ਨ ਸੈੱਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨੰਦ ਸੋਨੀ ਨੇ ਵੀ ਰਮਨ ਨਹਿਰਾ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਆਪਣੇ ਇਮਾਨਦਾਰ ਯਤਨਾਂ ਅਤੇ ਸਖ਼ਤ ਮਿਹਨਤ ਨਾਲ ਉਹ ਪਾਰਟੀ ਦੀਆਂ ਉਮੀਦਾਂ ਅਨੁਸਾਰ ਆਪਣੇ ਫਰਜ਼ ਨਿਭਾਉਣ ਦੇ ਯੋਗ ਹੋਣਗੇ। ਆਸ਼ੂ ਮਾਰਕੰਡਾ ਅਤੇ ਨੰਦ ਸੋਨੀ ਨੇ ਰਮਨ ਨਹਿਰਾ ਨੂੰ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜਿਕਰਯੋਗ ਹੈ ਕਿ ਸਮਾਜ ਸੇਵਕ ਰਮਨ ਨਹਿਰਾ ਹਮੇਸ਼ਾ ਪੂਰੀ ਤੱਤਪਰਤਾ ਨਾਲ ਸਮਾਜ ਦੀ ਸੇਵਾ ਕਰਨ ਲਈ ਉਪਲਬਧ ਰਹਿੰਦੇ ਹਨ। ਉਹ ਮਨੁੱਖੀ ਅਧਿਕਾਰ ਪ੍ਰੀਸ਼ਦ (ਭਾਰਤ) ਦੇ ਭ੍ਰਿਸ਼ਟਾਚਾਰ ਵਿਰੋਧੀ ਸੈੱਲ ਦੇ ਪੰਜਾਬ ਮੁਖੀ ਹੋਣ ਤੋਂ ਇਲਾਵਾ, ਖੱਤਰੀ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਵੀ ਹਨ।























