

03 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਨਵੇਂ ਸੈਸ਼ਨ 2025-2026 ਦੀ ਸ਼ੁਰੂਆਤ ਹਵਨ ਅਤੇ ਪੂਜਾ ਪਾਠ ਦੀ ਰਸਮ ਨਾਲ ਹੋਈ। ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਵਨ ਕੁੰਡ ਵਿੱਚ ਮੰਤਰਾਂ ਦਾ ਜਾਪ ਕੀਤਾ ਅਤੇ ਨਵੇਂ ਸੈਸ਼ਨ ਦੀ ਸਫਲਤਾ ਲਈ ਅਰਦਾਸ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਕਿਹਾ ਕਿ ਡੀ.ਏ.ਵੀ ਸੰਸਥਾਵਾਂ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਹਵਨ ਪੂਜਾ ਨਾਲ ਕਰਨ ਦੀ ਪਰੰਪਰਾ ਹੈ। ਡੀਏਵੀ ਸੰਸਥਾਵਾਂ ਆਧੁਨਿਕ ਸਿੱਖਿਆ ਅਤੇ ਭਾਰਤੀ ਸੱਭਿਆਚਾਰ ਦਾ ਸੁਮੇਲ ਹਨ। ਆਪਣੇ ਬੱਚਿਆਂ ਨੂੰ ਦੇਸ਼ ਦੀ ਸੱਭਿਅਤਾ ਅਤੇ ਸੱਭਿਆਚਾਰ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਸਕੂਲ ਵਿੱਚ ਸਮੇਂ-ਸਮੇਂ ‘ਤੇ ਹਵਨ ਅਤੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਨ੍ਹਾਂ ਬੱਚਿਆਂ ਦਾ ਜਨਮ ਦਿਨ ਅਪ੍ਰੈਲ ਮਹੀਨੇ ਵਿੱਚ ਆਉਂਦਾ ਹੈ, ਉਨ੍ਹਾਂ ਨੂੰ ਯੱਗ ਵਿੱਚ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।























