

ਮਾਨਸਾ, 13 ਨਵੰਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੁਆਰਾ ਚਲਾਈ ਗਈ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਦਿਵਾਉਣ ਦੇ ਉਦੇਸ਼ ਨਾਲ ਤੀਜਾ ਰਾਜ ਪੱਧਰੀ ਰੁਜ਼ਗਾਰ ਮੇਲਾ 14 ਨਵੰਬਰ ਨਹਿਰੂ ਮੈਮੋਰੀਅਲ ਕਾਲਜ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਨਹਿਰੂ ਮੈਮੋਰੀਅਲ ਕਾਲਜ ਵਿਖੇ ਕੀਤੀ ਇਕ ਵਿਸ਼ੇਸ਼ ਮੀਟਿੰਗ ਵਿਚ ਰੁਜ਼ਗਾਰ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲੇ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ ਆਪਣੇ ਰਜਿਸਟ੍ਰੇਸ਼ਨ ਟਿਕਟ ਲੈ ਕੇ ਆਉਣਗੇ ਅਤੇ ਉਨ੍ਹਾਂ ਉਮੀਦਵਾਰਾਂ ਨੂੰ ਸਵਾਗਤੀ ਕਾਊਂਟਰ ਤੇ ਹੀ ਆਈ.ਟੀ.ਆਈ. ਕਰਮਚਾਰੀਆਂ ਦੁਆਰਾ ਦਿਸ਼ਾ ਨਿਰਦੇਸ਼ ਦੇ ਕੇ ਉਸ ਸਬੰਧਤ ਕੰਪਨੀ ਕੋਲ ਭੇਜਿਆ ਜਾਵੇਗਾ, ਜਿਸ ਕੰਪਨੀ ਲਈ ਉਮੀਦਵਾਰ ਨੇ ਅਪਲਾਈ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਮ ਵਾਈਜ਼ ਕੰਪਨੀਆਂ ਦੀ ਇਕ ਲਿਸਟ ਦੀ ਫਲੈਕਸ ਵੀ ਸਵਾਗਤੀ ਕਾਉਂਟਰ ਤੇ ਲਗਾਈ ਜਾਵੇ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਮੀਟਿੰਗ ਵਿਚ ਹਾਜ਼ਰ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਆਪਣੀ ਡਿਊਟੀ ਜ਼ਿੰਮੇਵਾਰ ਨਾਲ ਨਿਭਾਉਣ ਦੇ ਆਦੇਸ਼ ਦਿੱਤੇ।
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਮੇਲੇ ਵਿਚ ਕੰਪਨੀਆਂ ਦੁਆਰਾ ਲਗਾਏ ਜਾ ਰਹੇ 20 ਕਾਊਂਟਰਾਂ ਤੇ ਅਕਾਊਂਟੈਂਟ, ਅਧਿਆਪਕ, ਲੈਕਚਰਾਰ, ਨਰਸਿੰਗ, ਕੰਪਿਊਟਰ ਆਪਰੇਟਰ, ਡਾਟਾ ਐਂਟਰੀ ਆਪਰੇਟਰ, ਮਾਰਕੀਟਿੰਗ ਐਗਜ਼ੈਕਟਿਵ, ਸਕਿਊਰਿਟੀ ਗਾਰਡ ਅਤੇ ਆਈ.ਟੀ.ਆਈ ਹੋਲਡਰਾਂ ਵਿਚੋਂ ਟਰਨਰ, ਵੈਲਡਰ, ਪਲੰਬਰ, ਇਲੈਕਟ੍ਰੀਸ਼ਨ, ਫਿਟਰ ਨੂੰ ਲਾਭ ਮਿਲੇਗਾ। ਇਨ੍ਹਾਂ ਵਿਚ 18 ਤੋਂ 35 ਸਾਲ ਤੱਕ ਦੇ ਨੌਜਵਾਨ ਅਤੇ ਇਸ ਤੋਂ ਇਲਾਵਾ ਫੌਜ ਵਿਚੋਂ ਸੇਵਾਮੁਕਤ ਵਿਅਕਤੀ ਵੀ ਭਾਗ ਲੈ ਸਕਣਗੇ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਮੇਲੇ ਵਿਚ ਸ਼ਮੂਹਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ, ਐਸ.ਪੀ.(ਐਚ) ਸ੍ਰੀ ਮੇਜਰ ਸਿੰਘ, ਕਾਲਜ਼ ਸਟਾਫ਼ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
EDITED BY : SARA YAHA | | Last Updated : 6:47 pm 12 ਨਵੰਬਰ 2018
























