

ਫਗਵਾੜਾ 22 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਹੋਟਲ ਹੇਅਰ ਪੈਲੇਸ ਦੇ ਸਹਿਯੋਗ ਨਾਲ ਵਿਸ਼ਵ ਜੰਗਲਾਤ ਦਿਵਸ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਦੀ ਪ੍ਰੇਰਣਾ ਅਤੇ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ‘ਚ ਹਰ ਸਾਲ ਦੀ ਤਰ੍ਹਾਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਹੋਟਲ ਹੇਅਰ ਪੈਲੇਸ ਦੇ ਸੰਸਥਾਪਕ ਹਰਭਜਨ ਸਿੰਘ ਹੇਅਰ ਨੂੰ ਸਮਰਪਿਤ ਸਮਾਗਮ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਸੁਸ਼ੀਲ ਮੈਣੀ ਨੇ ਦੀਪ ਰੌਸ਼ਨ ਕਰਕੇ ਕੀਤਾ। ਸਮਾਗਮ ਦੌਰਾਨ ਪ੍ਰੋਫੈਸਰ ਮੀਨਾਕਸ਼ੀ ਵਰਮਾ ਨੇ ਆਪਣੇ ਸਹਿਯੋਗੀ ਅਸਿਸਟੈਂਡ ਪ੍ਰੋਫੈਸਰ ਕਪਿਲ ਦੀ ਮੱਦਦ ਨਾਲ ਪ੍ਰੋਜੈਕਟਰ ਰਾਹੀਂ ਜੰਗਲਾਂ ਦੇ ਲਾਭ ਅਤੇ ਜੰਗਲਾਤ ਦਿਵਸ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਸੁਖਵਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਹਰ ਸਾਲ ਇਹ ਦਿਹਾੜਾ ਮਨਾਉਂਦੇ ਸਨ। ਇਸੇ ਰਵਾਇਤ ਨੂੰ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੱਗੇ ਤੋਰਿਆ ਜਾ ਰਿਹਾ ਹੈ। ਮਲਕੀਅਤ ਸਿੰਘ ਰਘਬੋਤਰਾ ਨੇ ਜੰਗਲਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਖੋਜਾਂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਨੈਸ਼ਨਲ ਅਵਾਰਡੀ ਮਾਸਟਰ ਗੁਰਮੀਤ ਸਿੰਘ ਨੇ ‘ਫੋਰੈਸਟ ਐਂਡ ਫੂਡ’ ਥੀਮ ਤੇ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਉਹਨਾਂ ਤੋਂ ਇਲਾਵਾ ਪਿ੍ਰੰਸੀਪਲ ਗੁਰਮੀਤ ਪਲਾਹੀ, ਮਹਿੰਦਰ ਸਿੰਘ ਅਤੇ ਰਿਟਾ. ਹੈੱਡ ਮਾਸਟਰ ਨਰੇਸ਼ ਕੋਹਲੀ ਨੇ ਵੀ ਸੰਬੋਧਨ ਕਰਦਿਆਂ ਜੰਗਲਾਤ ਦੀ ਸੰਭਾਲ ਦਾ ਸੁਨੇਹਾ ਦਿੱਤਾ। ਉਡਿਅਲ ਸ਼ਾਲਨੀ ਗਰੁੱਪ ਫਗਵਾੜਾ ਦੇ ਕੋਆਰਡੀਨੇਟਰ ਮੋਨਿਕਾ ਅਤੇ ਗਰੁੱਪ ਦੇ ਮੈਂਬਰ, ਆਦਰਸ਼ ਬਾਲ ਵਿਦਿਆਲਿਆ ਦੇ ਅਧਿਆਪਕ ਤੇ ਵਿਦਿਆਰਥੀ ਖਾਸ ਤੌਰ ਤੇ ਮੋਜੂਦ ਰਹੇ। ਅਖੀਰ ਵਿਚ ਪਿ੍ਰੰਸੀਪਲ ਨਰੋਤਮ ਖੇਤੀ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਹਰਬੰਸ ਲਾਲ, ਮੋਹਨ ਲਾਲ ਤਨੇਜਾ, ਤਾਰਾ ਚੰਦ ਚੁੰਬਰ, ਰੂਪ ਲਾਲ, ਹਰਜੀਤ ਸਿੰਘ ਮੱਕੜ, ਸੁਰਜੀਤ ਸਿੰਘ ਜੀਤਾ ਐਨ.ਆਰ.ਆਈ., ਸੁਧਾ ਬੇਦੀ ਤੋਂ ਇਲਾਵਾ ਹੋਰ ਪਤਵੰਤੇ ਅਤੇ ਵਾਤਾਵਰਣ ਪ੍ਰੇਮੀ ਹਾਜਰ ਸਨ।























