

19 ਮਾਰਚ ਮਾਨਸਾ(ਸਾਰਾ ਯਹਾਂ/ਮੁੱਖ ਸੰਪਾਦਕ) ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਮਾਨਸਾ ਦੇ ਮੁਖੀ ਮਾ.ਲੱਖਾ ਸਿੰਘ ਸਹਾਰਨਾ,ਆਗੂ ਭਰਭੂਰ ਸਿੰਘ ਮੰਨਣ,ਮੀਡੀਆ ਵਿਭਾਗ ਮੁਖੀ ਭੁਪਿੰਦਰ ਸਿੰਘ ਫੌਜੀ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਸਾਂਝੇ ਬਿਆਨ ਰਾਹੀਂ ਪਿਛਲੇ ਦਿਨੀ ਸੰਗਰੂਰ ਸ਼ਹਿਰ ਵਿੱਚ ਗੰਜਾਪਨ ਹਟਾਉਣ ਲਈ ਲੱਗੇ ਕੈਂਪ ਵਿੱਚ ਵਰਤੇ ਤੇਲ ਯੁਕਤ ਕੈਮੀਕਲ ਦੀ ਲਾਗ ਨਾਲ ਵਿਅਕਤੀਆਂ ਦੀਆਂ ਅੱਖਾਂ ਵਿੱਚ ਜਲਣ ਤੇ ਸੋਜਾ ਆਉਣ ਤੇ ਪੀੜਤ ਵਿਅਕਤੀਆਂ ਨਾਲ ਹਮਦਰਦੀ ਪ੍ਰਗਟ ਕੀਤੀ I ਉਨਾਂ ਕਿਹਾ ਸੰਗਰੂਰ ਸਮੇਤ ਕਈ ਹੋਰਨਾਂ ਥਾਵਾਂ ਤੇ ਵੀ ਬਿਨਾਂ ਕਿਸੇ ਤੱਥ ਦੇ ਸਰਵਾਈਕਲ ਧਾਗੇ ,ਮਾਈਗ੍ਰੇਨ ਦੇ ਧਾਗੇ,ਟਾਈਫਾਇਟ ਦੇ ਧੌਲੇ,ਪੀਲੀਆ ਦੂਰ ਕਰਨ ਦੇ ਦਾਅਵੇ ਕਰਦੇ ਮਸ਼ਹੂਰੀ ਬੋਰਡ ਲਗਾਏ ਹੋਏ ਹਨ,ਜੋ ਇਨਕਲਾਬੀ ਕਹਾਉਂਦੀ ਮਾਨ ਸਰਕਾਰ ਤੇ ਸਿਹਤ ਵਿਭਾਗ ਦਾ ਮੂੰਹ ਚਿੜਾ ਰਹੇ ਹਨ I ਉਨਾਂ ਕਿਹਾ ਕਿ ਆਜ਼ਾਦ ਭਾਰਤ ਤੇ ਖੁਸਹਾਲ ਭਾਰਤ ਦੇ ਸੁਪਨੇ ਸਾਕਾਰ ਕਰਨ ਲਈ ਦਿੱਤੀਆਂ ਗਈਆਂ ਲੱਖਾਂ ਕੁਰਬਾਨੀਆਂ ਵਾਲੇ ਦੇਸ ਅੰਦਰ ਅਖੌਤੀ ਸਿਆਣੇ ਪੈਸੇ ਦੁੱਗਣੇ ਕਰਨ,ਦੱਬਿਆ ਖਜਾਨਾ ਦੇਣ ਦੇ ਝਾਂਸੇ ਆਮ ਲੋਕਾਂ ਨੂੰ ਦੇ ਕੇ ਉਨਾਂ ਦਾ ਮਾਨਸਿਕ ਤੇ ਆਰਥਿਕ ਸੋਸ਼ਣ ਲਗਾਤਾਰ ਕਰ ਰਹੇ ਹਨ I ਜਿਸ ਪ੍ਰਤੀ ਤਰਕਸ਼ੀਲ ਸੁਸਾਇਟੀ ਸਮੇਂ ਸਮੇਂ ਤੇ ਜਨਤਾ ਨੂੰ ਯੂ ਟਿਊਬ ਚੈਨਲਾਂ ਰਾਹੀਂ,ਕਿਤਾਬਾਂ ਤੇ ਮੇਲਿਆਂ ਰਾਹੀਂ ਜਾਗਰੂਕ ਕਰਨ ਦੇ ਤਹੱਈਏ ਕਰਦੀ ਆ ਰਹੀ ਹੈ I ਉਨਾਂ ਕਿਹਾ ਕਿ ਲੋਕ ਹਰ ਵਰਤਣ ਤੇ ਖਾਣ ਵਾਲੀ ਚੀਜ ਨੂੰ ਤਰਕ ਦੀ ਕਸੌਟੀ ਤੇ ਤੱਥ ਅਧਾਰਿਤ ਪਰਖ ਕੇ ਉਪਯੋਗ ਕਰਨ I ਉਨਾਂ ਕਿਹਾ ਕਿ ਅੱਖਾਂ ਮੀਚਕੇ ਕਿਸੇ ਕੰਪਨੀ,ਵਿਅਕਤੀ ਦੇ ਮਗਰ ਲੱਗਣ ਦੇ ਜਾਂਚ ਪੜਤਾਲ ਕੀਤੀ ਜਾਵੇ I ਉਨਾਂ ਜਾਗਰੂਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਨੂੰ ਵਿਗਿਆਨਕ ਸਭਾਵਾਂ,ਚਰਚਾਵਾਂ ਦਾ ਹਿੱਸਾ ਬਣਾਉਣ ਵਿੱਚ ਸਹਿਯੋਗ ਕਰਨ I ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨਾਲ ਇਸ ਤਰਾਂ ਦੀਆਂ ਠੱਗੀਆਂ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ I























