ਝੋਨੇ ਦੀ ਖਰੀਦ ‘ਚ ਫਰਜ਼ੀ ਬਿਲਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਭਾਰਤ ਭੂਸ਼ਨ ਆਸ਼ੂ

0
23

ਚੰਡੀਗੜ੍ਹ, (ਸਾਰਾ ਯਹਾ)11 ਨਵੰਬਰ ਪੱਟੀ (ਤਰਨ ਤਾਰਨ) ਦੀ ਅਨਾਜ ਮੰਡੀ ਵਿੱਚ ਝੋਨੇ ਦੀ ਫਰਜ਼ੀ ਬਿਲਿੰਗ ਦਾ ਮਾਮਲਾ ਸਾਹਮਣੇ ਆਉਣ ਬਾਅਦ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਟੀਮ ਵੱਲੋਂ ਕੀਤੀ ਜਾਂਚ ਦੌਰਾਨ ਕਈ ਬੇਨਿਯਮੀਆਂ ਸਾਹਮਣੇ ਆਈਆਂ, ਜਿਸ ਬਾਅਦ ਇਸ ਮੰਡੀ ਵਿੱਚ ਖਰੀਦ ਲਈ ਜ਼ਿੰਮੇਵਾਰ ਮਾਰਕਫੈੱਡ ਅਤੇ ਪਨਗਰੇਨ ਦੇ ਖਰੀਦ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੱਟੀ ਮੰਡੀ ਵਿੱਚ ਮਾਰਕਫੱੈਡ ਤੇ ਪਨਗਰੇਨ ਨੂੰ ਖਰੀਦ ਤੋਂ ਰੋਕ ਦਿੱਤਾ ਗਿਆ ਹੈ ਅਤੇ ਹੁਣ ਇਸ ਮੰਡੀ ਵਿੱਚ ਪੰਜਾਬ ਐਗਰੋ ਅਤੇ ਪਨਸਪ ਵੱਲੋਂ ਹੀ ਖਰੀਦ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਮੰਡੀ ਵਿੱਚ ਖਰੀਦ ਵਿੱਚ ਬੇਨਿਯਮੀਆਂ ਸਬੰਧੀ ਸ਼ਿਕਾਇਤਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲੀਆਂ ਸਨ, ਜਿਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਦੀ ਜਾਂਚ ਟੀਮ ਗਠਿਤ ਕਰਕੇ ਮੌਕੇ ਉੱਤੇ ਭੇਜੀ। ਇਸ ਟੀਮ ਨੇ ਖਰੀਦ ਵਿੱਚ ਕਈ ਊਣਤਾਈਆਂ ਪਾਈਆਂ, ਜਿਵੇਂ ਕਿ ਪਨਗਰੇਨ ਦੇ ਨਿਰੀਖਕ ਨੇ ਤੈਅ ਖਰੀਦ ਹੱਦ 25 ਫੀਸਦੀ ਨਾਲੋਂ ਵੱਧ 44 ਫੀਸਦੀ ਖਰੀਦ ਕੀਤੀ ਹੋਈ ਸੀ। ਪੱਟੀ ਮੰਡੀ ਵਿੱਚ ਵੱਖ ਵੱਖ ਏਜੰਸੀਆਂ ਵਿਚਾਲੇ ਫੜ੍ਹਾਂ ਦੀ ਵੰਡ ਵੀ ਨਹੀਂ ਕੀਤੀ ਗਈ ਸੀ। ਇੱਥੇ ਖਰੀਦ ਰਜਿਸਟਰ ਵੀ ਨਹੀਂ ਲਾਇਆ ਗਿਆ ਸੀ।

ਮੰਡੀ ਵਿੱਚ ਇਸ ਨਿਰੀਖਕ ਨੇ 22 ਅਕਤੂਬਰ ਤੋਂ 31 ਅਕਤੂਬਰ 2018 ਵਿਚਾਲੇ ਕੋਈ ਖ਼ਰੀਦ ਨਹੀਂ ਕੀਤੀ ਸੀ ਜਦੋਂ ਕਿ ਨਿਰੀਖਕ ਨੇ ਬਿਨਾਂ ਖਰੀਦ ਲਿਖੇ 28,653 ਬੋਰੀਆਂ ਝੋਨਾ ਚੁਕਵਾ ਦਿੱਤਾ, ਜਿਸ ਦੀ ਖ਼ਰੀਦ ਬਾਅਦ ਵਿੱਚ ਪਹਿਲੀ ਤੇ ਦੋ ਨਵੰਬਰ ਨੂੰ ਇਕੱਠੀ ਪਾਈ ਗਈ।

ਦੱਸਣਯੋਗ ਹੈ ਕਿ ਵਿਭਾਗ ਨੇ ਖਰੀਦ ਊਣਤਾਈਆਂ ਰੋਕਣ ਲਈ ਸਤੰਬਰ ਤੋਂ ਹੀ ਜਾਂਚ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਸਤੰਬਰ ਦੇ ਅਖੀਰਲੇ ਹਫ਼ਤੇ ਫਿਰੋਜ਼ਪੁਰ ਦੇ ਵੱਖ ਵੱਖ ਸ਼ੈੱਲਰਾਂ ਤੋਂ ਦੋ ਲੱਖ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ। ਇਸੇ ਦੌਰਾਨ ਜਲੰਧਰ ਤੇ ਮੋਗਾ ਜ਼ਿਲ੍ਹਿਆਂ ਵਿੱਚ 25 ਹਜ਼ਾਰ ਬੋਰੀ ਚੌਲਾਂ ਦੀ ਫੜੀ ਗਈ। ਅਕਤੂਬਰ ਵਿੱਚ ਸੰਗਰੂਰ ਵਿੱਚ 15 ਹਜ਼ਾਰ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ। ਸ਼ੰਭੂ ਤੋਂ ਟਰੱਕਾਂ ਵਿੱਚ 14 ਹਜ਼ਾਰ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ, ਜੋ ਦੂਜੇ ਰਾਜਾਂ ਤੋਂ ਸਸਤੇ ਭਾਅ ਲਿਆ ਕੇ ਪੰਜਾਬ ਵਿੱਚ ਵੇਚਿਆ ਜਾਂਦਾ ਸੀ। ਖੰਨਾ ਵਿੱਚ ਵੀ 5 ਹਜ਼ਾਰ ਬੋਰੀ ਝੋਨਾ ਫੜਿਆ ਗਿਆ, ਜੋ ਬਿਹਾਰ ਤੋਂ ਖਰੀਦਿਆ ਗਿਆ ਸੀ।

ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਫਰਜ਼ੀ ਬਿਲਿੰਗ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਨੂੰ ਫਸਲ ਵੇਚਣ ਸਮੇਂ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੱਟੀ ਮੰਡੀ ਵਿੱਚ ਹੁਣ ਸਿਰਫ਼ 2000 ਮੀਟਰਿਕ ਟਨ ਝੋਨਾ ਹੋਰ ਆਉਣ ਦਾ ਅਨੁਮਾਨ ਹੈ।


EDITED BY : SARA YAHA | | Last Updated : 7:45 pm 11 ਨਵੰਬਰ 2018

LEAVE A REPLY

Please enter your comment!
Please enter your name here