

ਬਰੇਟਾ 17,ਜਨਵਰੀ (ਸਾਰਾ ਯਹਾਂ/ ਰੀਤਵਾਲ) ਸਥਾਨਕ ਸਬ ਤਹਿਸੀਲ ਹਮੇਸ਼ਾਂ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ
ਸੁਰੱਖੀਆਂ ‘ਚ ਰਹਿੰਦੀ ਹੈ ,ਚਾਹੇ ਓ ਮਾਮਲਾ ਰਿਸ਼ਵਤ ਦਾ ਹੋਵੇ ਜਾਂ ਫਿਰ ਬਿਨ੍ਹਾਂ
ਕੰਮਕਾਜ਼ ਤੋਂ ਰਜਿਸਟਰੀਆਂ ਵਾਲੇ ਦਿਨ ਸਬ ਤਹਿਸੀਲ ਦੇ ਦਫਤਰ ‘ਚ ਕੁਝ ਦਲਾਲ ਕਿਸਮ ਦੇ ਲੋਕਾਂ
ਦਾ ਪਾਲਤੂ ਬੈਠਣ ਦਾ ਹੋਵੇ । ਅਜਿਹੇ ਹੁੰਦੇ ਗਲਤ ਕੰਮਾਂ ਨੂੰ ਬੰਦ ਕਰਵਾਉਣ ਦੇ ਲਈ
ਅਨੇਕਾਂ ਵਾਰ ਲੋਕ ਆਵਾਜ਼ ਬੁਲੰਦ ਕਰ ਚੁੱਕੇ ਪਰ ਫਿਰ ਵੀ ਇਹ ਮਾਮਲਾ ਜਿਉਂ ਦਾ ਤਿਉਂ
ਬਣਿਆ ਹੋਇਆ ਹੈ । ਜਿਸਨੂੰ ਦੇਖਕੇ ਜਾਪਦਾ ਹੈ ਕਿ ਦਾਲ ‘ਚ ਕੁਝ ਕਾਲਾ ਨਹੀਂ ਸਗੋਂ
ਪੂਰੀ ਦਾਲ ਹੀ ਕਾਲੀ ਹੋ ਚੁੱਕੀ ਹੈ । ਦੂਜੇ ਪਾਸੇ ਹੁਣ ਸਬ ਤਹਿਸੀਲ ‘ਚ ਰਜਿਸਟਰੀ ਕਰਵਾਉਣ ਵਾਲੇ
ਲੋਕਾਂ ਨੂੰ ਐਨ.ਓ.ਸੀ ਦੇ ਨਾਮ ਤੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ
ਰਿਹਾ ਹੈ । ਇਸ ਸਬੰਧੀ ਪੀੜ੍ਹਤ ਵਿਅਕਤੀ ਹਰਪਾਲ ਸਿੰਘ ਨੇ ਦੱਸਿਆ ਕਿ ਮੈਂ ਮੇਰੀ ਪਤਨੀ
ਰਾਜਿੰਦਰ ਕੌਰ ਦੇ ਨਾਮ ਤੇ 11 ਨਵੰਬਰ 2021 ਨੂੰ ਐਨ.ਓ.ਸੀ. (ਮਕਾਨ) ਅਪਲਾਈ ਕੀਤੀ
ਸੀ । ਜਿਸਦੀ ਮੈਂ ਪੂਰੀ ਫੀਸ ਵੀ ਭਰ ਚੁੱਕਾ ਹਾਂ ਪਰ ਅੱਜ ਤੱਕ ਮੈਂਨੂੰ ਐਨ.ਓ.ਸੀ.

ਪ੍ਰਾਪਤ ਨਹੀਂ ਹੋਈ ਹੈ । ਜਿਸ ਨੂੰ ਲੈ ਕੇ ਮੈਂ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ
ਹੋਇਆ ਪਿਆ ਹਾਂ । ਇੱਥੇ ਇਹ ਗੱਲ ਵੀ ਬਹੁਤ ਹੀ ਹੈਰਾਨੀਜਨਕ ਹੈ ਕਿ ਆਮ ਲੋਕਾਂ ਨੂੰ
ਐਨੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਐਨ.ਓ.ਸੀ. ਨਹੀ ਮਿਲ ਰਹੀ ਪਰ ਫਿਰ ਦਲਾਲ ਕਿਸਮ ਦੇ
ਕੁਝ ਲੋਕ ਕਿਸ ਤਰਾਂ੍ਹ ਆਮ ਲੋਕਾਂ ਨਾਲੋਂ ਪਹਿਲਾਂ ਆਪਣੀਆਂ ਰਜਿਸਟਰੀਆਂ ਕਰਵਾ ਲੈਂਦੇ
ਹਨ ? ਕਿਧਰੇ ਕੁੱਤੀ ਚੋਰਾਂ ਨਾਲ ਰਲੀ ਹੋਈ ਕਹਾਵਤ ਤਾਂ ਨਹੀਂ ਸੱਚ ਹੋ ਰਹੀ । ਸ਼ਹਿਰ ‘ਚ ਇਸ ਗੱਲ
ਦੀ ਵੀ ਭਾਰੀ ਚਰਚਾ ਹੈ ਕਿ ਐਨ.ਓ.ਸੀ.ਦੇ ਨਾਮ ਤੇ ਲੋਕਾਂ ਦੀ ਭਾਰੀ ਲੁੱਟ ਕੀਤੀ ਜਾ ਰਹੀਂ ਹੈ ।
ਲੋੜ ਹੈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ ਦੀ ਗੰਭੀਰਤਾਂ ਨਾਲ
ਜਾਂਚ ਕਰਨ ਦੀ ।























