*ਵਿਧਾਨ ਸਭਾ ਉਮੀਦਵਾਰਾਂ ਦੇ ਚੋਣ ਖਰਚੇ ’ਤੇ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਰੱਖੇਗੀ ਨਜ਼ਰ*

0
14

ਮਾਨਸਾ,  11 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ ) : ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਮੀਡੀਆ ਉਤੇ ਕੀਤੇ ਜਾਣ ਵਾਲੇ ਖਰਚ ਉਤੇ ਨਿਗਾਹ ਰੱਖਣ ਲਈ ਜਿਲ੍ਹਾ ਪੱਧਰ ਤੇ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਕਾਇਮ ਕਰ ਦਿੱਤੀ ਗਈ ਹੈ, ਜਿਸਨੇ ਆਪਣਾ ਕੰਮ ਚੋਣ ਜ਼ਾਬਤੇ ਦੇ ਨਾਲ ਹੀ ਚਾਲੂ ਕਰ ਲਿਆ ਹੈ। ਇਹ ਜਾਣਕਾਰੀ ਐਮ.ਸੀ.ਐਮ.ਸੀ. (ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ) ਦੇ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਜੇ ਅਰੋੜਾ ਨੇ ਦਿੱਤੀ।
ਸ੍ਰੀ ਅਜੇ ਅਰੋੜਾ ਨੇ ਦੱਸਿਆ ਕਿ ਮੀਡੀਆ ਮੋਨੀਟਰਿੰਗ ਕਮੇਟੀ ਵੱਲੋਂ ਅਖਬਾਰਾਂ, ਰੇਡੀਓ, ਟੀ ਵੀ, ਈ-ਪੇਪਰ ਅਤੇ ਸੋਸ਼ਲ ਮੀਡੀਆ ਆਦਿ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਕਿਸੇ ਵੀ ਉਮੀਦਵਾਰ ਦਾ ਇਸ਼ਤਿਹਾਰ ਮਿਲਦਾ ਹੈ ਤਾਂ ਉਸ ਨੂੰ ਉਸਦੇ ਚੋਣ ਖਰਚੇ ਵਿਚ ਸ਼ਾਮਿਲ ਕਰਨ ਲਈ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਇਹ ਖਰਚਾ ਉਸਦੇ ਚੋਣ ਖਰਚੇ ਵਿਚ ਸ਼ਾਮਿਲ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਲੈਕਟ੍ਰੋਨਿਕ ਮੀਡੀਆ ਜਿਸ ਵਿਚ ਈ-ਪੇਪਰ ਤੇ ਸੋਸ਼ਲ ਮੀਡੀਆ ਵੀ ਸ਼ਾਮਿਲ ਹਨ, ਵਿਚ ਇਸ਼ਤਹਾਰ ਦੇਣ ਲਈ ਐਮ ਸੀ ਐਮ ਸੀ ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਅਤੇ ਇਸ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 46 ਵਿਚ ਪਹੁੰਚ ਕੀਤੀ ਜਾਵੇ। ਕਮੇਟੀ ਇਸ ਦੀ ਜਿੱਥੇ ਸਕਰਪਿਟ ਵੇਖੇਗੀ, ਉਥੇ ਇਸ਼ਤਿਹਾਰ ਬਨਾਉਣ ਤੇ ਲਗਾਉਣ ਉਤੇ ਆਏ ਖਰਚੇ ਦੀ ਜਾਣਕਾਰੀ ਲੈ ਕੇ ਇਹ ਆਗਿਆ ਦੇਵੇਗੀ। ਉਨਾਂ ਕਿਹਾ ਕਿ ਇਸ ਖਰਚੇ ਦੀ ਸਾਰੀ ਅਦਾਇਗੀ ਚੈੱਕ ਨਾਲ ਕੀਤੀ ਜਾਣੀ ਵੀ ਜਰੂਰੀ ਹੈ। ਉਨਾਂ ਕਿਹਾ ਕਿ ਜੇਕਰ ਕੋਈ ਅਦਾਰਾ ਉਮੀਦਵਾਰ ਦੀ ਲਿਖਤੀ ਆਗਿਆ ਤੇ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਇਸ਼ਤਹਾਰ ਲਗਾ ਦਿੰਦਾ ਹੈ ਤਾਂ ਉਸ ਵਿਰੁੱਧ 171ਐਚ ਇੰਡੀਅਨ ਪੀਨਲ ਕੋਡ ਤਹਿਤ ਕੇਸ ਦਰਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਚੋਣਾਂ ਤੋਂ ਦੋ ਦਿਨ ਪਹਿਲਾਂ ਪਿ੍ਰੰਟ ਮੀਡੀਆ ਵਿਚ ਲੱਗਣ ਵਾਲੇ ਇਸ਼ਤਹਾਰ ਵੀ ਉਕਤ ਕਮੇਟੀ ਤੋਂ ਪ੍ਰਵਾਨ ਕਰਵਾਉਣੇ ਜਰੂਰੀ ਹਨ।
ਸ੍ਰੀ ਅਜੇ ਅਰੋੜਾ ਨੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਮੁੱਲ ਦੀ ਖਬਰ ਕਿਸੇ ਵੀ ਮੀਡੀਆ ਵਿਚ ਲਗਾਉਂਦਾ ਜਾਂ ਛਪਾਉਂਦਾ ਹੈ ਤਾਂ ਜਿੱਥੇ ਉਕਤ ਉਮੀਦਵਾਰ ਦੇ ਚੋਣ ਖਰਚੇ ਵਿਚ ਇਸ ਖਬਰ ਦਾ ਖਰਚਾ ਸ਼ਾਮਿਲ ਕੀਤਾ ਜਾਵੇਗਾ, ਉਥੇ ਚੋਣ ਕਮਿਸ਼ਨ ਦੀ ਵੈਬ-ਸਾਈਟ ਉਤੇ ਉਕਤ ਉਮੀਦਵਾਰ ਦਾ ਨਾਮ ਮੁੱਲ ਦੀਆਂ ਖਬਰਾਂ ਲਗਾਉਣ ਵਾਲੇ ਉਮੀਦਵਾਰਾਂ ਵਿਚ ਸ਼ਾਮਿਲ ਕਰਕੇ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਕਤ ਅਦਾਰੇ ਵਿਰੁੱਧ ਕਾਰਵਾਈ ਲਈ ਪ੍ਰੈਸ ਕੌਂਸਲ ਆਫ ਇੰਡੀਆ ਤੇ ਨੈਸ਼ਨਲ ਬਰਾਡਕਾਸਟਿੰਗ ਸਟੈਂਡਰ ਅਥਾਰਟੀ ਨੂੰ ਵੀ ਪੱਤਰ ਲਿਖਿਆ ਜਾਵੇਗਾ।    

LEAVE A REPLY

Please enter your comment!
Please enter your name here