

ਫਤਹਿਗੜ੍ਹ 03,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਹਲਕਾ ਫਤਹਿਗੜ੍ਹ ਚੂੜੀਆਂ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ।ਪੰਚਾਇਤ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਵਿਖੇ ਨਵੇਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਸਬੇ ਨੂੰ ਸਬ-ਡਿਵੀਜ਼ਨ ਦਾ ਦਰਜਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਲਦੀ ਹੀ ਕਸਬਾ ਫਤਹਿਗੜ੍ਹ ਚੂੜੀਆਂ ਵਿਖੇ ਐਸਡੀਐਮ ਦਾ ਦਫ਼ਤਰ ਅਤੇ ਹੋਰ ਦਫ਼ਤਰ ਸ਼ੁਰੂ ਕਰ ਦਿੱਤੇ ਜਾਣਗੇ।ਜ਼ਿਕਰਯੋਗ ਹੈ ਕਿ ਪਹਿਲਾਂ ਲੋਕਾਂ ਨੂੰ ਬਟਾਲਾ ਜਾਣਾ ਪੈਂਦਾ ਸੀ, ਜਿਸ ਦੇ ਚਲਦੇ ਲੋਕਾਂ ਨੂੰ ਕਈ ਦਿਕਤਾਂ ਆਉਂਦੀਆਂ ਸਨ।ਇਸ ਇਲਾਕੇ ਦੇ ਲੋਕਾਂ ਲਈ ਹੁਣ ਵੱਡੀ ਰਾਹਤ ਹੋਵੇਗੀ।
ਇਸ ਦੇ ਨਾਲ ਹੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਬਲਵਿੰਦਰ ਸਿੰਘ ਲਾਡੀ ਦੀ ਕਾਂਗਰਸ ‘ਚ ਵਾਪਸੀ ਬਾਰੇ ਕਿਹਾ ਕਿ ਚੰਗਾ ਹੈ ਦੇਰ ਆਏ ਦਰੁੱਸਤ ਆਏ ਲਾਡੀ ਨੂੰ ਜਲਦੀ ਅਕਲ ਆ ਗਈ।ਉੱਥੇ ਹੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਕਾਂਗਰਸੀਆਂ ਦੇ ਸ਼ਾਮਿਲ ਹੋਣ ਬਾਰੇ ਟਿੱਪਣੀ ਕਰਦੇ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ 5 ਤਾਰੀਖ ਨੇੜੇ ਹੈ ਅਤੇ ਸਭ ਕੁਝ ਸਭ ਦੇ ਸਾਮਣੇ ਹੋਵੇਗਾ।
ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚੇਹਰੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਉਮੀਦਵਾਰ ਰੈਲੀਆ ‘ਚ ਐਲਾਨ ਕਰਨ ਦੇ ਸਵਾਲ ਤੇ ਮੰਤਰੀ ਬਾਜਵਾ ਨੇ ਕਿਹਾ ਕਿ ਇਹ ਅਧਿਕਾਰ ਕਾਂਗਰਸ ਪਾਰਟੀ ਦੀ ਹਾਈਕਮਾਂਡ ਦਾ ਹੈ ਕੋਈ ਕੀ ਕਰ ਰਿਹਾ ਹੈ ਉਸ ਦਾ ਕੋਈ ਫਰਕ ਨਹੀਂ ਆਖਰੀ ਫੈਸਲਾ ਹਾਈਕਮਾਂਡ ਦਾ ਹੀ ਹੈ।























