

ਮੁੰਬਈ: ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ ’ਤੇ ਆਧਾਰਤ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਤਿਹਾਸ ਕਾਂਗਰਸ ਲੀਡਰ ਨੂੰ ਗਲਤ ਨਹੀਂ ਸਮਝੇਗਾ। ਅਨੁਪਮ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਮਨਮੋਹਨ ਸਿੰਘ ਦੇ ਲੁਕ ਵਿੱਚ ਫ਼ਿਲਮ ਦਾ ਇੱਕ ਕਲੈਪਬੋਰਡ ਫੜੀ ਦਿਖਾਈ ਦੇ ਰਹੇ ਹਨ।
ਅਨੁਪਮ ਖੇਰ ਨੇ ਅਦਾਕਾਰਾ ਸੁਜ਼ੇਨ ਬਰਨਟ ਨਾਲ ਚਾਹ ਪੀਂਦਿਆਂ ਹੋਇਆਂ ਵੀ ਇੱਕ ਵੀਡੀਓ ਸਾਂਝੀ ਕੀਤੀ ਹੈ। ਸੁਜੈਨ ਫ਼ਿਲਮ ਵਿੱਚ ਤਤਕਾਲੀ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਭੂਮਿਕਾ ਨਿਭਾਅ ਰਹੀ ਹੈ। ਵੀਡੀਓ ਵਿੱਚ ਅਨੁਪਮ ਤੇ ਸੁਜੈਨ ਇੱਕ-ਦੂਜੇ ਨਾਲ ਗੱਲਬਾਤ ਕਰਦੇ ਦਿਖਾਈ ਦਿੰਦੇ ਹਨ। ਫਿਲਮ ਦਾ ਆਖਰੀ ਸ਼ਾਟ 27 ਅਕਤੂਬਰ ਨੂੰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਫਿਲਮ ਸੀ।
ਪਹਿਲੀ ਝਲਕ ਆਉਣ ਤੋਂ ਹੀ ਅਨੁਪਮ ਖੇਰ ਦੀ ਇਸ ਫਿਲਮ ਬਾਰੇ ਚਰਚਾਵਾਂ ਹੋ ਰਹੀਆਂ ਹਨ। ਫ਼ਿਲਮ ਵਿੱਚ ਅਨੁਪਮ ਖੇਰ ਦੀ ਦਿੱਖ ਨੂੰ ਹੂ-ਬ-ਹੂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਾਂਗ ਹੀ ਬਣਾਇਆ ਗਿਆ ਹੈ। ਇਹ ਫ਼ਿਲਮ ਵਿਜੇ ਗੁੱਟੇ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ ਜੋ 21 ਦਸੰਬਰ ਨੂੰ ਰਿਲੀਜ਼ ਹੋਵੇਗੀ।
EDITED BY : SARA YAHA | | Last Updated : 6:25 pm 28 October 2018


























