

ਮਾਨਸਾ, 18 ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ ) : ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ: ਰਾਜੇਸ ਵਿਸਿਸ਼ਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਮਨਜੀਤ ਸਿੰਘ ਦੀ ਅਗਵਾਹੀ ਹੇਠ ਡੀ.ਏ.ਪੀ. ਦੀ ਕਾਲਾਬਜ਼ਾਰੀ ਨੂੰ ਰੋਕਣ ਹਿੱਤ ਚਲਾਈ ਜਾ ਰਹੀ ਮੁਹਿੰਮ ਦੀ ਲਗਾਤਾਰਤਾ ਵਿੱਚ ਕਾਰਵਾਈ ਕਰਦਿਆਂ ਬਲਾਕ ਖੇਤੀਬਾੜੀ ਅਫਸਰ ਬੁਢਲਾਡਾ ਦੇ ਖਾਦ ਇੰਸਪੈਕਟਰ ਸ਼੍ਰੀ ਸਿਕੰਦਰ ਸਿੰਘ ਅਤੇ ਸ਼੍ਰੀ ਗੁਰਵੀਰ ਸਿੰਘ ਵੱਲੋਂ ਜ਼ਿਲ੍ਹਾ ਪੱਧਰੀ ਟੀਮ, ਜਿਸ ਵਿੱਚ ਸ਼੍ਰੀ ਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਸ਼ਾਮਲ ਸਨ, ਦੇ ਸਹਿਯੋਗ ਨਾਲ ਗੁਰਪਿਆਰ ਸਿੰਘ ਪਾਸੋਂ 12 ਬੋਰੀਆਂ ਨਕਲੀ ਡੀ.ਏ.ਪੀ ਖਾਦ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਇਸ ਨਕਲੀ ਖਾਦ ਦੀ ਵਿਕਰੀ ਹੋਣ ਬਾਰੇ ਪਤਾ ਲੱਗਾ ਤਾਂ ਵਿਭਾਗ ਵੱਲੋਂ ਫੌਰੀ ਤੌਰ ’ਤੇ ਕਾਰਵਾਈ ਕੀਤੀ ਗਈ ਅਤੇ ਖਾਦ ਦੇ 12 ਥੈਲੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਵਿਰੁੱਧ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੀਆਂ ਵੱਖ-ਵੱਖ ਧਾਰਾਵਾਂ ਸਬੰਧੀ ਬਣਦੀ ਕਾਰਵਾਈ ਕਰਨ ਲਈ ਮੁੱਖ ਥਾਣਾ ਅਫਸਰ ਬੋਹਾ ਨੂੰ ਐਫ.ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਅਤੇ ਡੀ.ਏ.ਪੀ. ਖਾਦ ਪੁਲਿਸ ਸਟੇਸਨ ਬੋਹਾ ਵਿਖੇ ਸੀਜ਼ ਕਰ ਦਿੱਤੀ ਗਈ ਹੈ ਅਤੇ ਸਬੰਧਤ ਖਾਦ ਦਾ ਸੈਂਪਲ ਡਰਾ ਕਰਕੇ ਟੈਸਟ ਹੋਣ ਲਈ ਲਬਾਟਰੀ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਟੀਮਾਂ ਵੱਲੋਂ ਖਾਦ ਡੀਲਰਾਂ ਅਤੇ ਫਰਮਾਂ ਦੀਆਂ ਲਗਾਤਾਰ ਅਚਨਚੇਤ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਡੀ.ਏ.ਪੀ. ਖਾਦ ਦੀ ਵਿਕਰੀ ਸਹੀ ਰੇਟਾਂ ’ਤੇ ਅਤੇ ਬਿਨਾਂ ਕਿਸੇ ਹੋਰ ਵਸਤੂ ਦੀ ਟੈਗਿੰਗ ਤੋਂ ਵਿਕਰੀ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਨਕਲੀ ਖਾਦ ਵੇਚਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਡੀਲਰ ਨਕਲੀ ਖਾਦ ਜਾਂ ਮਹਿੰਗੇ ਰੇਟ ਤੇ ਖਾਦ ਵੇਚ ਰਿਹਾ ਹੈ ਤਾਂ ਤੁਰੰਤ ਇਸ ਦਫਤਰ ਦੇ ਧਿਆਨ ਵਿੱਚ ਲਿਆਂਦਾ ਜਾਵੇ, ਤਾਂ ਜੋ ਉਨ੍ਹਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ।






















