ਅੰਮ੍ਰਿਤਸਰ ਤ੍ਰਾਸਦੀ ਤੋਂ ਬਾਅਦ ਭੀੜ ਇਕੱਠੀ ਕਰਨ ’ਤੇ ਸਖ਼ਤੀ ਕਰਨਗੇ ਕੈਪਟਨ

0
71

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਸਕੱਤਰ ਐਨ ਐੱਸ ਕਲਸੀ ਨੂੰ ਧਾਰਮਿਕ ਤੇ ਸਮਾਜਿਕ ਇਕੱਠ ਕਰਨ ਲਈ ਪ੍ਰਸ਼ਾਸਨ ਤੋਂ ਆਗਿਆ ਲੈਣ ਵਾਸਤੇ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਭਵਿੱਖ ਵਿੱਚ ਬੀਤੇ ਦਿਨ ਦੁਸਹਿਰੇ ਮੌਕੇ ਅੰਮ੍ਰਿਤਸਰ ’ਚ ਵਾਪਰੇ ਭਿਆਨਕ ਹਾਦਸੇ ਦੀ ਕਦੀ ਨੌਬਤ ਹੀ ਨਾ ਆਏ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਜਾਰੀ ਦਿਸ਼ਾ-ਨਿਰਦੇਸ਼ਾਂ ਕਿਸੇ ਵੀ ਤਿਉਹਾਰ ਜਾਂ ਦਿਵਸ ਮੌਕੇ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਇਕੱਠ ਜਾਂ ਸਮਾਗਮ ਕਰਾਉਣ ਲਈ ਸਾਫ ਤੇ ਸ਼ਪਸ਼ਟ ਸ਼ਬਦਾਂ ਵਿੱਚ ਨਿਯਮਾਂ ਨੂੰ ਪਰਿਭਾਸ਼ਿਤ ਕੀਤਾ ਜਾਏ। ਇਸਤੋਂ ਇਲਾਵਾ ਕੈਪਟਨ ਨੇ ਗ੍ਰਹਿ ਸਕੱਤਰ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਵਿਕਰੀ ਤੇ ਭੰਡਾਰਨ ਲਈ ਵੀ ਫੌਰੀ ਤੌਰ ’ਤੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ।

ਬੀਤੇ ਦਿਨ ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਦਾ ਗੰਭੀਰ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ ਸਬੰਧੀ ਜਦੋਂ ਕਰ ਰਾਹਤ ਕਾਰਜਾਂ ਦੀ ਨਿਗਰਾਨੀ ਤੇ ਸਹਾਇਤਾ ਦੀ ਲੋੜ ਰਹੇਗੀ, ਉਦੋਂ ਤਕ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਆਫ਼ਤ ਪ੍ਰਬੰਧਣ ਕਮੇਟੀ ਅੰਮ੍ਰਿਤਸਰ ਵਿੱਚ ਰਹੇਗੀ।

ਬੀਤੀ ਰਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਇਸ ਕਮੇਟੀ ਵਿੱਚ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਟ ਵੀ ਮੈਂਬਰ ਹੋਣਗੇ। ਇਸ ਤੋਂ ਇਲਾਵਾ ਪੁਲਿਸ ਦੇ ਆਹਲਾ ਅਧਿਕਾਰੀਆਂ ਨੂੰ ਵੀ ਹਾਲਾਤ ਸਥਿਰ ਹੋਣ ਤਕ ਅੰਮ੍ਰਿਤਸਰ ਵਿੱਚ ਤਾਇਨਾਤ ਰਹਿਣ ਲਈ ਕਿਹਾ ਗਿਆ ਹੈ।


EDITED BY : SARA YAHA | | Last Updated : 7:45 pm 20 October 2018

LEAVE A REPLY

Please enter your comment!
Please enter your name here