

ਬੁਢਲਾਡਾ – 20 ਅਕਤੂਬਰ – ( ਸਾਰਾ ਯਹਾਂ/ ਅਮਨ ਮੇਹਤਾ ) – ਸ਼ਹਿਰ ਦੀ ਸੰਘਰਸ਼ਸ਼ੀਲ ਜਥੇਬੰਦੀ ਨਗਰ ਸੁਧਾਰ ਸਭਾ ਦੇ ਆਗੂਆਂ ਦੇ ਇੱਕ ਵਫਦ ਨੇ ਐਸ.ਡੀ.ਐਮ.ਬੁਢਲਾਡਾ ਸ੍ਰੀ ਕੇ.ਆਰ.ਕਾਂਸਲ ਨੂੰ ਮਿਲਕੇ ਸ਼ਹਿਰ ਅੰਦਰ ਸੀਵਰੇਜ਼ ਦੇ ਗੰਦੇ ਪਾਣੀ ਦੇ ਓਵਰ ਫਲੋਅ ਦੀ ਸਮੱਸਿਆ ਸਮੇਤ ਰੇਲਵੇ ਰੋਡ ਦੇ ਨਿਰਮਾਣ ਨੂੰ ਸਮਾਂਬੱਧ ਸਮੇਂ ਵਿੱਚ ਮੁਕੰਮਲ ਕਰਨ , ਗੁਰੂ ਨਾਨਕ ਕਾਲਜ ਨੇੜੇ ਓਵਰ ਬਰਿੱਜ ਦੇ ਲਾਗਿਓਂ ਲਾਂਘੇ ਦੀ ਸਮੱਸਿਆ ਦਾ ਹੱਲ , ਸ਼ਹਿਰ ਅੰਦਰ ਸਫ਼ਾਈ ਆਦਿ ਸਮੱਸਿਆਵਾਂ ਨੂੰ ਧਿਆਨ ਵਿੱਚ ਲਿਆਉਂਦਿਆਂ ਮੈਮੋਰੰਡਮ ਦੇ ਕੇ ਫੌਰੀ ਹੱਲ ਦੀ ਮੰਗ ਕੀਤੀ । ਇਸ ਵਫ਼ਦ ਵਿੱਚ ਪ੍ਰੇਮ ਸਿੰਘ ਦੋਦੜਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸਤਪਾਲ ਸਿੰਘ ਕਟੌਦੀਆ ਸਮੇਤ ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ , ਅਵਤਾਰ ਸਿੰਘ ਔਲਖ , ਹਰਦਿਆਲ ਸਿੰਘ ਦਾਤੇਵਾਸ ਸ਼ਾਮਲ ਸਨ। ਨਗਰ ਸੁਧਾਰ ਸਭਾ ਬੁਢਲਾਡਾ ਦੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਸੰਸਥਾ ਦੀ ਮੀਟਿੰਗ ਬੀਤੇ ਐਤਵਾਰ ਨੂੰ ਹੋਈ ਸੀ ਜਿਸ ਵਿੱਚ ਹੋਏ ਫੈਸਲੇ ਤਹਿਤ ਸ਼ਹਿਰ ਦੀਆਂ ਸਬੰਧਤ ਸਮੱਸਿਆਵਾਂ ਸਬੰਧੀ ਐਸ.ਡੀ.ਐਮ.ਸਾਹਿਬ ਨੂੰ ਮਿਲਿਆ ਗਿਆ ਹੈ। ਐਸ.ਡੀ.ਐਮ.ਸਾਹਿਬ ਨੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਇੰਨਾਂ ਸਮੱਸਿਆਵਾਂ ਦੇ ਹੱਲ ਸਬੰਧੀ ਜਲਦੀ ਨਿੱਗਰ ਯਤਨ ਕਰਨਗੇ। ਐਡਵੋਕੇਟ ਦਲਿਓ ਨੇ ਦੱਸਿਆ ਕਿ ਮੈਮੋਰੰਡਮ ਵਿੱਚ ਮੰਗ ਕੀਤੀ ਗਈ ਹੈ ਕਿ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਸੀਵਰੇਜ਼ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਗੰਦੇ ਪਾਣੀ ਦੇ ਓਵਰ ਫਲੋਅ ਦੀ ਸਮੱਸਿਆ ਦਾ ਫੌਰੀ ਹੱਲ ਕੀਤੀ ਜਾਵੇ। ਸ਼ਹਿਰ ਦੀ ਰੇਲਵੇ ਰੋਡ ਦਾ ਨਿਰਮਾਣ ਕਾਰਜ ਦੋ ਸਾਲਾਂ ਤੋਂ ਆਰੰਭ ਹੈ ਪਰ ਹਾਲਾਂ ਤੱਕ ਅੱਧ-ਵਿਚਕਾਰ ਪਿਆ ਹੈ , ਇਸਨੂੰ ਸਮਾਂਬੱਧ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਸ਼ਹਿਰ ਅੰਦਰ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ ਅਤੇ ਥਾਂ-ਥਾਂ ‘ਤੇ ਗੰਦਾ ਪਾਣੀ ਖੜਾ ਹੈ। ਸ਼ਹਿਰ ਵਿੱਚ ਡੇਂਗੂ ਦੇ ਅਨੇਕਾਂ ਕੇਸ ਸਾਹਮਣੇ ਆ ਚੁੱਕੇ ਹਨ ਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਇਸ ਲਈ ਫੌਗਿੰਗ ਮਸ਼ੀਨ ਨਾਲ ਸਮੇਂ ਸਮੇਂ ‘ਤੇ ਦਵਾਈ ਸਾਰੇ ਸ਼ਹਿਰ ਸਮੇਤ ਬਸਤੀਆਂ ਵਿੱਚ ਦਵਾਈ ਦਾ ਛਿੜਕਾਅ ਕੀਤਾ ਜਾਵੇ । ਗੁਰੂ ਨਾਨਕ ਨਾਨਕ ਨੇੜੇ ਓਵਰ ਬਰਿੱਜ ਦੇ ਨੇੜੇ ਲਾਂਘੇ ਦਾ ਬੁਰਾ ਹਾਲ ਹੈ ਅਤੇ ਬਰਸਾਤ ਸਮੇਂ ਰਾਹਗੀਰ , ਵਿਦਿਆਰਥੀ , ਕੋਰਟ-ਕਚਹਿਰੀ ਆਉਣ ਵਾਲੇ ਅਤੇ ਆਮ ਲੋਕ ਬਹੁਤ ਖੱਜਲ ਖੁਆਰ ਹੁੰਦੇ ਹਨ , ਇਸ ਲਈ ਲਾਂਘੇ ਦਾ ਜਲਦੀ ਪੁੱਖਤਾ ਇੰਤਜ਼ਾਮ ਕੀਤਾ ਜਾਵੇ। ਰਾਸਟਰੀ ਸੜਕੀ ਮਾਰਗ 148 ਬੀ ਵਿੱਚ ਐਕੁਆਇਰ ਜ਼ਮੀਨ ਅਤੇ ਮਕਾਨ-ਦੁਕਾਨ ਮਾਲਕਾਂ ਦੀ ਜ਼ਮੀਨ-ਮਲਬੇ ਦੇ ਪੈਸੇ ਜਲਦੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਜਾਣ । ਸ਼ਹਿਰ ਅੰਦਰ ਇੰਟਰਲੌਕਿਗ ਟਾਇਲਾਂ ਲਾਉਣ ਕੰਮ ਵਿੱਚ ਵੱਡੇ ਪੈਮਾਨੇ ‘ਤੇ ਖਾਮੀਆਂ ਹਨ , ਇਸ ਨਿਰਮਾਣ ਕੰਮ ਨੂੰ ਨਿਰਧਾਰਿਤ ਨਿਯਮਾਂ ਅਨੁਸਾਰ ਕਰਵਾਇਆ ਜਾਵੇ। ਨਗਰ ਕੌਂਸਲ ਦਫ਼ਤਰ ਵਿੱਚ ਸ਼ਹਿਰਵਾਸੀਆਂ ਨੂੰ ਆਪਣੇ ਨਿੱਜੀ ਕੰਮਾਂ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ। ਉਕਤ ਦਫ਼ਤਰ ਵਿੱਚ ਵੱਖ-ਵੱਖ ਕੰਮਾਂ ਦੀ ਡੀਲਿੰਗ ਸਬੰਧੀ ਕਾਊਂਟਰ ਵੀ ਲਾਏ ਜਾਣ । ਸੰਸਥਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਅਤੇ ਚੇਅਰਮੈਨ ਸਤਪਾਲ ਸਿੰਘ ਕਟੌਦੀਆ ਨੇ ਕਿਹਾ ਕਿ ਉਪਰੋਕਤ ਸਮੱਸਿਆਵਾਂ ਸਬੰਧੀ ਸ਼ਹਿਰਵਾਸੀਆਂ ਵਿੱਚ ਭਾਰੀ ਰੋਸ ਹੈ। ਦੋਵਾਂ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ , ਸਬੰਧਤ ਵਿਭਾਗਾਂ ਅਤੇ ਪੰਜਾਬ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਨਗਰ ਸੁਧਾਰ ਸਭਾ ਬੁਢਲਾਡਾ ਸ਼ਹਿਰਵਾਸੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਆਰੰਭਣ ਲਈ ਮਜਬੂਰ ਹੋਵੇਗੀ।























