*ਨੇਕੀ ਫਾਉਂਡੇਸ਼ਨ ਬੁਢਲਾਡਾ ਨੂੰ ਖ਼ੂਨਦਾਨ ਲਈ ਮਿਲਿਆ ਰਾਜ ਪੁਰਸਕਾਰ*

0
18

ਬੁਢਲਾਡਾ, 12 ਅਕਤੂਬਰ(ਸਾਰਾ ਯਹਾਂ/ਅਮਨ ਮਹਿਤਾ ), ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਬੀਤੇ ਦਿਨੀਂ ਅਮ੍ਰਿਤਸਰ ਵਿਖੇ ਪੰਜਾਬ ਰਾਜ ਖੂਨ ਸੰਚਾਰ ਪ੍ਰੀਸ਼ਦ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਕੀਤਾ ਗਿਆ, ਜਿੱਥੇ ਉਪ ਮੁੱਖ ਮੰਤਰੀ ਓਪੀ ਸੋਨੀ ਵੱਲੋਂ ਪੰਜਾਬ ਦੀਆਂ ਕੁੱਲ 21 ਸੰਸਥਾਵਾਂ, ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ 1,000 ਤੋਂ ਵੱਧ ਯੂਨਿਟ ਇਕੱਠੇ ਕੀਤੇ ਸਨ, ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਮਾਨਸਾ ਤੋਂ ਨੇਕੀ ਫਾਉਂਡੇਸ਼ਨ ਬੁਢਲਾਡਾ ਨੂੰ 1000 ਯੂਨਿਟ ਦੇ ਨਾਲ ਨਾਲ ਸਭ ਤੋਂ ਵੱਧ ਖ਼ੂਨਦਾਨ ਕਰਵਾਉਣ ਲਈ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੇਕੀ ਫਾਉਂਡੇਸ਼ਨ ਦੀ ਟੀਮ ਨਾਲ ਗੱਲ ਕਰਨ ਉੱਤੇ ਉਹਨਾਂ ਕਿਹਾ ਕਿ ਇਹ ਪੁਰਸਕਾਰ ਉਹਨਾਂ ਸਾਰੇ ਖ਼ੂਨਦਾਨੀਆਂ, ਸਹਿਯੋਗੀ ਸੰਸਥਾਵਾਂ ਅਤੇ ਕਲੱਬਾਂ ਨੂੰ ਸਪਰਪਿਤ ਹੈ, ਜੋ ਨੇਕੀ ਦੇ ਇੱਕ ਨਿੱਕੇ ਜਿਹੇ ਸੁਨੇਹੇ ਉੱਤੇ ਖ਼ੂਨਦਾਨ ਲਈ ਪਹੁੰਚ ਜਾਂਦੇ ਹਨ। ਉਹਨਾਂ ਦੱਸਿਆ ਕਿ ਇਹ ਇੱਕ ਟੀਮ ਦੀ ਸਾਂਝੀ ਮਿਹਨਤ ਹੀ ਹੈ ਕਿ ਹੁਣ ਸੰਸਥਾ ਸਾਲ ਵਿੱਚ ਤਕਰੀਬਨ 30 ਖ਼ੂਨਦਾਨ ਕੈੰਪ ਇਲਾਕੇ ਦੇ ਪਿੰਡਾਂ ਸ਼ਹਿਰਾਂ ਵਿੱਚ ਲਗਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਮੇਂ 1800 ਤੋਂ ਵੱਧ ਯੂਨਿਟ ਕੈੰਪ ਰਾਹੀਂ ਅਤੇ 700 ਤੋਂ ਵੱਧ ਯੂਨਿਟ ਐਮਰਜੈਂਸੀ ਉਪਲੱਭਧ ਕਰਵਾਕੇ ਸੰਸਥਾ ਨੇ ਮਰੀਜਾਂ ਦੀਆਂ ਜਾਨਾਂ ਬਚਾਈਆਂ ਹਨ। ਸੰਸਥਾ ਦਾ ਟੀਚਾ ਹੈ ਕਿ ਕੋਈ ਵੀ ਮਰੀਜ਼ ਖ਼ੂਨ ਦੀ  ਘਾਟ ਤੋਂ ਨਾ ਰਹੇ ਅਤੇ ਮਾਨਸਾ ਸਰਕਾਰੀ ਬਲੱਡ ਸੈਂਟਰ ਵਿੱਚ ਖ਼ੂਨ ਦੀ ਕੋਈ ਕਮੀ ਨਾ ਰਹੇ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਇਸ ਸਮੇਂ ਜਿੱਥੇ ਪੰਜਾਬ ਭਰ ਵਿੱਚ ਖ਼ੂਨ ਮੁਹਈਆ ਕਰਵਾਇਆ ਜਾਂਦਾ ਹੈ, ਉੱਥੇ ਹੀ ਸੰਸਥਾ ਆਪਣਾ ਰਾਸ਼ਟਰੀ ਪੱਧਰ ਦਾ ਡਾਟਾਬੇਸ ਤਿਆਰ ਕਰਕੇ, ਦਿੱਲੀ, ਗੁਜਰਾਤ, ਯੂ ਪੀ ਸਮੇਤ ਸਾਰੇ ਰਾਜਾਂ ਤੱਕ ਇਹ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਕਾਮਯਾਬ ਹੋਈ ਹੈ। ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਬੁਢਲਾਡਾ ਵਾਸੀਆਂ ਨੂੰ ਖ਼ਾਸ ਵਧਾਈ ਦਿੱਤੀ ਗਈ ਕਿਉਂਕਿ ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਖ਼ੂਨ ਦਾਨ ਬੁਢਲਾਡਾ ਤਹਿਸੀਲ ਵਿੱਚ ਹੀ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here