

ਹੁਸ਼ਿਆਰਪੁਰ — ਇਥੋਂ ਦੀ ਪੁਰਹੀਰਾ ‘ਚ ਘਾਹ ਮੰਡੀ ਦੀ ਅੜ੍ਹਤ ਦੀ ਪ੍ਰਧਾਨਗੀ ਨੂੰ ਲੈ ਕੇ ਸ਼ੁਰੂ ਹੋਇਆ ਮਾਮੂਲੀ ਵਿਵਾਦ ਗੋਲੀ ਕਾਂਡ ਤੱਕ ਪਹੁੰਚ ਗਿਆ, ਜਿਸ ਦੇ ਚਲਦਿਆਂ ਅੱਜ ਹੁਸ਼ਿਆਰਪੁਰ ਦੇ ਮੁਹੱਲਾ ਭਗਤ ਨਗਰ ‘ਚ ਸਵੇਰੇ ਇਕ ਧਿਰ ਨੇ ਦੂਜੇ ਧਿਰ ਦੇ ਘਰ ‘ਤੇ ਹਮਲਾ ਕਰਕੇ ਹਵਾਈ ਫਾਇਰ ਕੀਤੇ।

ਭਗਤ ਨਗਰ ਦੇ ਰਹਿਣ ਵਾਲੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਡੇਅਰੀ ਦਾ ਕੰਮ ਕਰਦੇ ਹਨ ਅਤੇ ਬੀਤੀ ਸ਼ਾਮ ਘਾਹ ਮੰਡੀ ‘ਚ ਪ੍ਰਧਾਨਗੀ ਨੂੰ ਲੈ ਕੇ ਗੱਲ ਚੱਲ ਰਹੀ ਸੀ। ਇਸੇ ਦੌਰਾਨ ਉਨ੍ਹਾਂ ਦਾ ਵਿਰੋਧੀ ਸ਼ਿਵੀ ਆੜ੍ਹਤੀ ਨਾਲ ਮੰਡੀ ‘ਚ ਘਾਹ ਵੇਚਣ ਦੇ ਸਮੇਂ ਨੂੰ ਲੈ ਕੇ ਬਹਿਸ ਤੋਂ ਬਾਅਦ ਝਗੜਾ ਹੋ ਗਿਆ ਅਤੇ ਗੱਲ ਹੱਥੋਂਪਾਈ ਤੱਕ ਜਾ ਪਹੁੰਚੀ। ਇਸ ਦੀ ਸ਼ਿਕਾਇਤ ਸੁਖਦੇਵ ਸਿੰਘ ਨੇ ਥਾਣੇ ‘ਚ ਦਿੱਤੀ। ਸੁਖਦੇਵ ਮੁਤਾਬਕ ਅੱਜ ਸਵੇਰੇ ਅਚਾਨਕ ਉਨ੍ਹਾਂ ਦੇ ਘਰ ਸ਼ਿਵੀ ਆੜ੍ਹਤੀ ਅਤੇ ਉਨ੍ਹਾਂ ਦੇ ਨਾਲ 10 ਤੋਂ 15 ਵਿਅਕਤੀਆਂ ‘ਤੇ ਹੱਲਾ ਬੋਲ ਦਿੱਤਾ। ਘਰ ‘ਚ ਦਾਖਲ ਹੋ ਕੇ ਧੁੱਕਾ-ਮੁੱਕੀ ਕਰਦੇ ਦੇਖ ਮੁਹੱਲਾ ਵਾਸੀਆਂ ਨੇ ਹਮਲਾਵਰਾਂ ‘ਤੇ ਵੀ ਹੱਲਾ ਬੋਲ ਦਿੱਤਾ। ਆਪਣੀ ਜਾਨ ਬਚਾਉਣ ਦੇ ਚੱਕਰ ‘ਚ ਭੱਜਦੇ ਹੋਏ ਹਮਲਾਵਰਾਂ ਨੇ ਕਈ ਹਵਾਈ ਫਾਇਰ ਕੀਤੇ।
ਜ਼ਿਕਰਯੋਗ ਹੈ ਕਿ ਇਸ ਹਮਲੇ ‘ਚ ਕਤਲ ਹਫਤਾ, ਵਸੂਲੀ ਅਤੇ ਹੋਰ ਦੋਸ਼ਾਂ ‘ਚ ਸ਼ਾਮਲ ਜ਼ਮਾਨਤ ‘ਤੇ ਆਏ ਇਕ ਬਦਮਾਸ਼ ਦਾ ਨਾਂ ਵੀ ਸਾਹਮਣੇ ਆਉਣ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਹੈ। ਸੂਚਨਾ ਪਾ ਕੇ ਮੌਕੇ ‘ਤੇ ਡੀ. ਐੱਸ. ਪੀ. ਸਿਟੀ, ਐੱਸ. ਐੱਚ. ਓ. ਮਾਡਲ ਟਾਊਨ, ਆਪਣੀ ਫੋਰਸ ਨੂੰ ਲੈ ਕੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਡੀ. ਐੱਸ. ਪੀ. ਅਨਿਲ ਵਰਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
EDITED BY : SARA YAHA | | Last Updated : 7:00 pm 13 October 2018























