

ਕੋਟਕਪੂਰਾ 5 ਅਕਤੂਬਰ – ਸਿਹਤ ਵਿਭਾਗ ਵੱਲੋਂ ਡੇਂਗੂ ਦੇ ਲਾਰਵੇ ਦੀ ਭਾਲ ਲਈ ਕੀਤੀ ਜਾ ਰਹੀ ਚੈਕਿੰਗ ਦੌਰਾਨ ਇਲਾਕੇ ਵਿੱਚ ਡੇਂਗੂ ਦੇ ਲਾਰਵੇ ਦਾ ਮਿਲਣਾ ਲਗਾਤਾਰ ਜਾਰੀ ਹੈ। ਸਿਵਲ ਸਰਜਨ ਫਰੀਦਕੋਟ ਡਾ.ਰਾਜਿੰਦਰ ਕੁਮਾਰ ਦੇ ਨਿਰਦੇਸ਼ਾ ਅਨੁਸਾਰ ਜਿਲ੍ਹਾ ਐਪੀਡੀਮੋਲੋਜਿਸਟ ਡਾ. ਕਮਲਦੀਪ ਕੌਰ ਦੀ ਅਗਵਾਈ ਹੇਠ ਕੋਟਕਪੂਰਾ ਵਿਖੇ ਡੇਂਗੂ ਸਰਵੇ ਚੱਲ ਰਿਹਾ ਹੈ। ਅੱਜ ਇਸ ਸਰਵੇ ਤਹਿਤ ਕੀਤੀ ਗਈ ਚੈਕਿੰਗ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਫਰੀਦਕੋਟ ਰੋਡ ‘ਤੇ ਸਥਿਤ ਇੱਕ ਸਕੂਲ ਦੇ ਕੂਲਰਾਂ ਵਿੱਚ ਭਾਰੀ ਮਾਤਰਾ ’ਚ ਡੇਂਗੂ ਦਾ ਲਾਰਵਾ ਪਾਇਆ ਗਿਆ, ਜਿਸਨੂੰ ਸਕੂਲ ਕਰਮਚਾਰੀਆਂ ਦੀ ਹਾਜਰੀ ’ਚ ਨਸ਼ਟ ਕਰਵਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਕਮਲਦੀਪ ਕੌਰ ਨੇ ਕਿਹਾ ਕਿ ਵਾਰ-ਵਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਨੂੰ ਇਸ ਸਬੰਧੀ ਲਿਖ ਕੇ ਭੇਜਿਆ ਜਾ ਚੁੱਕਾ ਹੈ ਕਿ ਹਰ ਸ਼ੁੱਕਰਵਾਰ ਨੂੰ ਸਕੂਲਾਂ ਵਿੱਚ ਡਰਾਈ ਡੇਅ ਦੇ ਤੌਰ ‘ਤੇ ਮਨਾਇਆ ਜਾਵੇ ਪ੍ਰੰਤੂ ਇਸ ਦਾ ਜ਼ਿਆਦਾ ਅਸਰ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਪਿਛਲੇ ਸਮੇਂ ਤੋਂ ਕੋਟਕਪੂਰਾ ਵਿੱਚ ਕਈ ਸਕੂਲਾਂ ਵਿੱਚ ਲਾਰਵਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡੇਂਗੂ ਨੂੰ ਕੰਟਰੋਲ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਣ ਲਈ ਕੂਲਰਾਂ, ਫਰਿੱਜਾ ਦੀਆਂ ਵੇਸਟ ਟਰੇਆ ਅਤੇ ਪੰਛੀਆਂ ਲਈ ਰੱਖੇ ਪਾਣੀ ਵਾਲੇ ਬਰਤਨਾਂ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਕੇ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਰੱਖੇ ਕਬਾੜ ਅਤੇ ਪੁਰਾਣੇ ਟਾਈਰਾਂ ਆਦਿ ਵਿੱਚ ਪਾਣੀ ਨੂੰ ਜਮਾਂ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਇਹਨਾਂ ਥਾਵਾਂ ‘ਤੇ ਪਲਦਾ ਹੈ।
ਡੇਂਗੂ ਦੇ ਲੱਛਣ
1. ਤੇਜ ਬੁਖਾਰ
2. ਸਿਰ ਦਰਦ
3. ਮਾਸ-ਪੇਸ਼ੀਆਂ ’ਚ ਦਰਦ
4. ਚਮੜੀ ‘ਤੇ ਦਾਣੇ
5. ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ
6. ਮਸੂੜਿਆਂ ਅਤੇ ਨੱਕ ’ਚੋਂ ਖੂਨ ਦਾ ਵਗਣਾ।
ਬਚਾਅ ਦੇ ਤਰੀਕੇ
1. ਕੂਲਰਾਂ ਨੂੰ ਹਫਤੇ ‘ਚ ਇੱਕ ਵਾਰ ਜਰੂਰ ਸਾਫ ਕਰੋ।
2. ਕੱਪੜੇ ਅਜਿਹੇ ਪਾਓ, ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਮੱਛਰਾ ਨਾ ਕੱਟ ਸਕੇ।
3. ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ।
4. ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।
5. ਟੁੱਟੇ ਬਰਤਨਾਂ ਅਤੇ ਟਾਈਰਾਂ ਆਦਿ ਨੂੰ ਖੁਲ੍ਹੇ ‘ਚ ਨਾ ਰੱਖੋ।
6. ਪਾਣੀ ਜਿਆਦਾ ਪੀਓ।
ਸਿਹਤ ਅਧਿਕਾਰੀ ਡੇਂਗੂ ਦੇ ਲਾਰਵੇ ਦੀ ਭਾਲ ਕਰਦੇ ਹੋਏ। ਫੋਟੋ: ਰਾਮਕ੍ਰਿਸ਼ਨ
EDITED BY : SARA YAHA | | Last Updated : 9:05 pm 05 October 2018























