

ਮਾਨਸਾ, 21 ਅਪ੍ਰੈਲ (ਹੀਰਾ ਸਿੰਘ ਮਿੱਤਲ )-ਨਸ਼ਾ ਤਸ਼ਕਰਾਂ ਤੇ ਗੈਂਗਸਟਰਾਂ ਨੂੰ ਪੁਲਿਸ ਜੋਨ ਅੰਦਰ ਸਿਰ ਨਹੀ ਚੁੱਕਣ ਦੇਵੇਗੀ। ਇਹ ਸ਼ਬਦ ਅੱਜ ਮਾਨਸਾ ਪੁਲਿਸ ਲਾਈਨ ਵਿਖੇ ਜਿਲ੍ਹੇ ਦੇ ਅਧਿਕਾਰੀਆਂ ਅਤੇ ਥਾਣਾ ਮੁੱਖੀਆਂ ਦੀ ਮੀਟਿੰਗ ਕਰਨ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਜੋਨ ਦੇ ਨਵ-ਨਿਯੁਕਤ ਆਈ.ਜੀ. ਮੁੰਹਮਦ ਫਾਰੂਕੀ ਨੇ ਕਹੇ। ਉਨ੍ਹਾਂ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਰੇਂਜ ਅੰਦਰ ਨਸ਼ਿਆਂ ਅਤੇ ਮਾੜੇ ਅਨਸਰਾਂ ਨੂੰ ਪਹਿਲ ਦੇ ਅਧਾਰ ਤੇ ਨੱਥ ਪਾਈ ਜਾਵੇਗੀ। ਉਨ੍ਹਾਂ ਜਿਲ੍ਹੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਮ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੁਣਵਾਈ ਕੀਤੀ ਜਾਵੇ। ਉਨ੍ਹਾਂ ਸਖਤ ਸ਼ਬਦਾਂ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁੰਹਿਮ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸਖਤੀ ਨਾਲ ਨਿਜੱਠਿਆ ਜਾਵੇ ਅਤੇ ਬਠਿੰਡਾ ਰੇਂਜ ਅੰਦਰ ਮਾੜੇ ਅਨਸਰਾਂ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਆਈ.ਜੀ ਨੇ ਕਿਹਾ ਕਿ ਚੰਗੇ ਅਤੇ ਆਮ ਨਾਗਰਿਕਾਂ ਦਾ ਪੁਲਿਸ ਥਾਣੇ ਵਿੱਚ ਸਤਿਕਾਰ ਕਰੇ ਅਤੇ ਮਾੜੇ ਅਨਸਰਾਂ ਖਿਲਾਫ ਪੁਲਿਸ ਕਾਰਵਾਈ ਕਰੇ ਅਤੇ ਥਾਣੇ ਵਿੱਚ ਆਏ ਫਰਿਆਦੀ ਦੀ ਗੱਲ ਧਿਆਨ ਨਾਲ ਸੁਣ ਕੇ ਉਸ ਦਾ ਢੁੱਕਵਾਂ ਹੱਲ ਕੱਢਿਆ ਜਾਵੇ। ਜਿਕਰਯੋਗ ਇਹ ਹੈ ਕਿ ਐੱਮ.ਐੱਫ ਫਾਰੂਕੀ ਮਾਨਸਾ ਦੇ ਐੱਸ.ਐੱਸ.ਪੀ ਰਹਿ ਚੁੱਕੇ ਹਨ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੋਰਾਨ ਜਿਲ੍ਹਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਦਿੱਤੀਆਂ। ਹੁਣ ਜਿਲ੍ਹੇ ਦੇ ਲੋਕਾਂ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ।
ਇਸ ਮੌਕੇ ਐੱਸ.ਐੱਸ.ਪੀ ਮਾਨਸਾ ਪਰਮਵੀਰ ਸਿੰਘ ਪਰਮਾਰ, ਐੱਸ.ਪੀ.ਹੈੱਡ ਕੁਆਰਟਰ ਸਚਿਨ ਗੁਪਤਾ ਆਈ.ਪੀ.ਐੱਸ, ਐੱਸ.ਪੀ.ਡੀ ਨਰਿੰਦਰ ਸਿੰਘ ਵੜਿੰਗ, ਡੀ.ਐੱਸ.ਪੀ. ਸੰਜੀਵ ਕੁਮਾਰ ਗੋਇਲ, ਡੀ.ਐੱਸ.ਪੀ. ਰਿਛਪਾਲ ਸਿੰਘ ਬੁਢਲਾਡਾ, ਡੀ.ਐੱਸ.ਪੀ ਕਰਨਵੀਰ ਸਿੰਘ ਮਾਨਸਾ, ਡੀ.ਐੱਸ.ਪੀ ਬਹਾਦਰ ਸਿੰਘ, ਸੀ.ਆਈ. ਇੰਚਾਰਜ ਜਗਦੀਸ਼ ਕੁਮਾਰ ਸ਼ਰਮਾ, ਐੱਸ.ਐੱਚ.ਓ ਸਿਟੀ-1 ਪਰਮਜੀਤ ਸਿੰਘ ਸੰਧੂ, ਇੰ: ਗਮਦੂਰ ਸਿੰਘ, ਬਲਵਿੰਦਰ ਸਿੰਘ ਰੋਮਾਣਾ ਤੋਂ ਇਲਾਵਾ ਜਿਲ੍ਹੇ ਦੇ ਥਾਣਾ ਮੁੱਖੀ ਮੋਜੂਦ ਸਨ।
EDITED BY : SARA YAHA PUNJABI NEWS






















