

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਲਗਾਤਾਰ ਜਾਰੀ ਹੈ। ਉੱਥੇ ਹੀ ਪਹਿਲੀ ਅਕਤੂਬਰ ਤੋਂ ਰਸੋਈ ਗੈਸ ਵੀ ਮਹਿੰਗੀ ਹੋ ਗਈ ਹੈ। ਅੰਮ੍ਰਿਤਸਰ ‘ਚ ਪੈਟਰੋਲ ਹੁਣ 90 ਰੁਪਏ ‘ਤੇ ਪਹੁੰਚਣ ਤੋਂ ਸਿਰਫ 33 ਪੈਸੇ ਦੂਰ ਹੈ। ਉਧਰ ਮਹਾਰਾਸ਼ਟਰ ਚ ਪੈਟਰੋਲ 91 ਰੁਪਏ ਦੇ ਪਾਰ ਨਿਕਲ ਗਿਆ ਹੈ ਅਤੇ ਨੰਦੇੜ ਸਾਹਿਬ ‘ਚ ਤਕਰੀਬਨ 93 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਅਕਤੂਬਰ ਨੂੰ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ 24 ਪੈਸੇ ਅਤੇ ਡੀਜ਼ਲ ‘ਚ 30 ਪੈਸੇ ਦਾ ਵਾਧਾ ਕੀਤਾ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ ਅੱਜ 83.73 ਰੁਪਏ, ਕੋਲਕਾਤਾ ‘ਚ 85.53 ਰੁਪਏ, ਮੁੰਬਈ ‘ਚ 91.08 ਰੁਪਏ ਅਤੇ ਚੇਨਈ ‘ਚ 87.05 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ‘ਚ ਇਸ ਦੀ ਕੀਮਤ 75.09 ਰੁਪਏ, ਕੋਲਕਾਤਾ ‘ਚ 76.94 ਰੁਪਏ, ਮੁੰਬਈ ‘ਚ 79.72 ਰੁਪਏ ਅਤੇ ਚੇਨਈ ‘ਚ 79.40 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਪੰਜਾਬ ‘ਚ ਪੈਟਰੋਲ 89 ਰੁ: ਤੇ ਡੀਜ਼ਲ 75 ਰੁ: ਦੇ ਪਾਰ

ਜਲੰਧਰ ‘ਚ ਪੈਟਰੋਲ ਅੱਜ 89 ਰੁਪਏ 11 ਪੈਸੇ ਅਤੇ ਡੀਜ਼ਲ 74 ਰੁਪਏ 83 ਪੈਸੇ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਅੰਮ੍ਰਿਤਸਰ ‘ਚ ਪੈਟਰੋਲ ਦੀ ਕੀਮਤ 89 ਰੁਪਏ 67 ਪੈਸੇ ਅਤੇ ਡੀਜ਼ਲ ਦੀ 75 ਰੁਪਏ 33 ਪੈਸੇ ਹੋ ਗਈ ਹੈ। ਵਪਾਰਕ ਸ਼ਹਿਰ ਲੁਧਿਆਣਾ ‘ਚ ਪੈਟਰੋਲ 89 ਰੁਪਏ 54 ਪੈਸੇ ‘ਤੇ ਪਹੁੰਚ ਗਿਆ ਹੈ ਅਤੇ ਡੀਜ਼ਲ ਦੀ ਕੀਮਤ 75 ਰੁਪਏ 20 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਸੋਮਵਾਰ ਨੂੰ ਪਟਿਆਲਾ ‘ਚ ਪੈਟਰੋਲ ਦੀ ਕੀਮਤ 89 ਰੁਪਏ 48 ਪੈਸੇ ਅਤੇ ਡੀਜ਼ਲ ਦੀ ਕੀਮਤ 75 ਰੁਪਏ 15 ਪੈਸੇ ਪ੍ਰਤੀ ਲਿਟਰ ਹੈ।
ਉੱਥੇ ਹੀ ਮਹਾਰਾਸ਼ਟਰ ‘ਚ ਪੈਟਰੋਲ ਸਭ ਤੋਂ ਮਹਿੰਗਾ ਵਿਕ ਰਿਹਾ ਹੈ। ਮਹਾਰਾਸ਼ਟਰ ਦੇ ਨੰਦੇੜ ਸਾਹਿਬ ‘ਚ ਪੈਟਰੋਲ ਦੀ ਕੀਮਤ 92 ਰੁਪਏ 69 ਪੈਸੇ ਪ੍ਰਤੀ ਲਿਟਰ ਹੋ ਗਈ ਹੈ ਅਤੇ ਡੀਜ਼ਲ 80 ਰੁਪਏ 7 ਪੈਸੇ ‘ਚ ਵਿਕ ਰਿਹਾ ਹੈ। ਮਹਾਰਾਸ਼ਟਰ ਦੇ ਹੀ ਸ਼ਹਿਰ ਪਰਭਣੀ ‘ਚ ਅੱਜ ਪੈਟਰੋਲ 92 ਰੁਪਏ 84 ਪੈਸੇ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹੋਰ ਸੂਬਿਆਂ ਦੇ ਮੁਕਾਬਲੇ ਮਹਾਰਾਸ਼ਟਰ ‘ਚ ਜ਼ਿਆਦਾ ਟੈਕਸ ਹੋਣ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਉੱਥੇ ਦੇਸ਼ ਭਰ ‘ਚ ਸਭ ਤੋਂ ਵਧ ਹਨ।
ਰਸੋਈ ਗੈਸ 59 ਰੁ: ਹੋਈ ਮਹਿੰਗੀ, ਸਬਸਿਡੀ ਵਾਲੇ ਦੇ 2.89 ਰੁ: ਵਧੇ ਰੇਟ

ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 59 ਰੁਪਏ ਅਤੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 2.89 ਰੁਪਏ ਵਧ ਗਈ ਹੈ। ਇੰਡੀਅਨ ਆਇਲ ਨੇ ਇਕ ਬਿਆਨ ‘ਚ ਕਿਹਾ ਕਿ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਪ੍ਰਮੁੱਖ ਤੌਰ ‘ਤੇ ਕੌਮਾਂਤਰੀ ਬਾਜ਼ਾਰ ‘ਚ ਕੀਮਤਾਂ ਵਧਣ ਅਤੇ ਵਿਦੇਸ਼ੀ ਕਰੰਸੀ ਵਟਾਂਦਰਾ ਦਰ ‘ਚ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਕੀਤਾ ਗਿਆ ਹੈ। ਉੱਥੇ ਹੀ ਗਾਹਕਾਂ ਦੇ ਬੈਂਕ ਖਾਤੇ ‘ਚ ਦਿੱਤੀ ਜਾਣ ਵਾਲੀ ਸਬਸਿਡੀ 320.49 ਰੁਪਏ ਤੋਂ ਵਧਾ ਕੇ 376.60 ਰੁਪਏ ਕਰ ਦਿੱਤੀ ਗਈ ਹੈ, ਤਾਂ ਕਿ ਕੀਮਤਾਂ ਵਧਣ ਨਾਲ ਸਬਸਿਡੀ ਲੈਣ ਵਾਲੇ ਗਾਹਕਾਂ ‘ਤੇ ਅਸਰ ਘਟ ਕੀਤਾ ਜਾ ਸਕੇ।
EDITED BY : SARA YAHA | | Last Updated : 6:25 pm 01 October 2018























