

ਮਾਨਸਾ, 19 ਸਤੰਬਰ (ਬਲਜੀਤ ਸ਼ਰਮਾ): ਅੱਜ ਜਿਲ੍ਰਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਮਾਨਸਾ ਨਿਵਾਸੀਆਂ ਵੱਲੋਂ ਵੱਡਾ ਹੁੰਗਾਰਾ ਵਿਖਾਇਆ ਗਿਆ ਅਤੇ ਇਹ ਜਿਲ੍ਹਾ ਵੋਟਾਂ ਪਾਉਣ ਵਿਚ ਵੀ ਸਭ ਤੋਂ ਮੋਹਰੀ ਜਿਲ੍ਹਿਆਂ ਵਿਚ ਸ਼ਾਮਲ ਹੋ ਗਿਆ ਹੈ।
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਅਪਨੀਤ ਰਿਆਤ ਨੇ ਕਿਹਾ ਕਿ ਇਸ ਗੱਲ ਦਾ ਸਿਹਰਾ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਵਿਭਾਗ ਦੁਆਰਾ ਕੀਤੇ ਸੁਰੱਖਿਆ ਪ੍ਰਬੰਧਾਂ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਕਰਕੇ ਹੀ ਜ਼ਿਲ੍ਹਾ ਪ੍ਰੀਸ਼ਦ ਦੇ 11 ਅਤੇ ਪੰਚਾਇਤ ਸੰਮਤੀਆਂ ਦੇ 89 ਚੋਣ ਹਲਕਿਆਂ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹੇ ਦੇ ਪੰਜ ਬਲਾਕਾਂ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਝੁਨੀਰ ਅਤੇ ਭੀਖੀ ਵਿੱਚ ਵੋਟ ਪ੍ਰਕ੍ਰਿਆ ਪੂਰਨ ਰੂਪ ਵਿਚ ਅਮਨ-ਅਮਾਨ ਅਤੇ ਨਿਰਵਿਘਨਤਾ ਨਾਲ ਨੇਪਰੇ ਚੜ੍ਹੀ।
ਸਵੇਰੇ 8 ਵਜੇ ਸ਼ੁਰੂ ਹੋਈ ਵੋਟਾਂ ਪੁਆਉਣ ਦੀ ਪ੍ਰਕ੍ਰਿਆ ਬਕਾਇਦਾ ਢੰਗ ਨਾਲ ਸ਼ਾਮ 4.00 ਵਜੇ ਤੱਕ ਪੁਰੇ ਅਮਨ ਅਤੇ ਸ਼ਾਂਤਮਈ ਢੰਗ ਨਾਲ ਚਲਦੀ ਰਹੀ, ਜਿਸ ਕਾਰਨ ਜ਼ਿਲ੍ਹੇ ਵਿਚ 71.66 ਫ਼ੀਸਦੀ ਵੋਟਾਂ ਪਈਆਂ। ਵੋਟਾਂ ਨਿਰਪੱਖਤਾ ਨਾਲ ਪੁਆਉਣ ਲਈ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਚੋਣ ਅਮਲੇ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਡਰ ਦੇ ਵੋਟ ਪ੍ਰਕਿਰਿਆ ਸਿਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਦੂਲਗੜ੍ਹ ਬਲਾਕ ‘ਚ 72.03 ਫ਼ੀਸਦੀ ਵੋਟਾਂ ਪਈਆਂ ਜਦਕਿ ਝੁਨੀਰ ‘ਚ 70.53 ਫੀਸਦੀ, ਮਾਨਸਾ ਬਲਾਕ ‘ਚ 68.55 ਫ਼ੀਸਦੀ, ਭੀਖੀ ‘ਚ 73.70 ਫ਼ੀਸਦੀ ਅਤੇ ਬੁਢਲਾਡਾ ‘ਚ 73.49 ਫ਼ੀਸਦੀ ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ ਬੂਥਾਂ ‘ਤੇ 4 ਵਜੇ ਤੋਂ ਬਾਅਦ ਕੇਵਲ ਕਤਾਰਾਂ ਵਿੱਚ ਖੜ੍ਹੇ ਉਨ੍ਹਾਂ ਵੋਟਰਾਂ ਦੀਆਂ ਵੋਟਾਂ ਪੁਆਈਆਂ ਗਈਆਂ ਜਿਹੜੇ ਕਿ ਸਹੀ 4 ਵਜੇ ਤੱਕ ਪੋਲਿੰਗ ਬੂਥ ਦੇ ਅੰਦਰ ਆ ਗਏ ਸਨ, ਇਸ ਮਗਰੋਂ ਗੇਟ ਬੰਦ ਕਰ ਦਿੱਤੇ ਗਏ।
ਐਸ.ਐਸ.ਪੀ. ਸ਼੍ਰੀ ਮਨਧੀਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਕਿਉਂਕਿ ਸੁਰੱਖਿਆ ਦਸਤੇ ਪੂਰੀ ਮੁਸ਼ਤੈਦੀ ਨਾਲ ਹਰੇਕ ਬੂਥ ‘ਤੇ ਕਰੜੀ ਨਿਗਾਹ ਰੱਖ ਰਹੇ ਸਨ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੋਟ ਪ੍ਰਕ੍ਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ‘ਤੇ ਰਿਟਰਨਿੰਗ ਅਫ਼ਸਰਾਂ ਅਤੇ ਚੋਣ ਅਮਲੇ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਵੋਟਾਂ ਦੀ ਗਿਣਤੀ ਦੌਰਾਨ ਇਕ ਹੋਰ ਹੰਭਲਾ ਮਾਰ ਕੇ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਤਾਂ ਜੋ ਸਮੁੱਚੀ ਚੋਣ ਪ੍ਰਕ੍ਰਿਆ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ। 
ਉਧਰ ਵੋਟਾਂ ਪੈਣ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ 288 ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆਂ ਵਿਚ ਬੰਦ ਹੋ ਗਈ ਹੈ। ਇਨ੍ਹਾਂ ਬੈਲਟ ਬਕਸਿਆਂ ਨੂੰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸੀਲ ਕਰ ਦਿੱਤਾ ਗਿਆ ਹੈ। ਹੁਣ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 22 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਣ ਵਾਲੀ ਵੋਟਾਂ ਦੀ ਗਿਣਤੀ ਦੌਰਾਨ ਹੋਵੇਗਾ।
EDITED BY : SARA YAHA | | Last Updated : 7:30 pm 19 September 2018






















