

ਪਟਿਆਲਾ : ਪੰਜਾਬ ਦੀ ਬੇਬੇ 102 ਸਾਲਾ ਮਾਨ ਕੌਰ ਨੇ ਇਕ ਵਾਰ ਫਿਰ ਪੰਜਾਬ ਦਾ ਮਾਣ ਵਧਾ ਦਿੱਤਾ ਹੈ। ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਮਾਨ ਕੌਰ ਨੇ ਸਪੇਨ ਦੇ ਮਲਾਗਾ ‘ਚ 100 ਤੋਂ 104 ਸਾਲ ਦੀ ਉਮਰ ਦੇ ਬਜ਼ੁਰਗਾਂ ਲਈ ਆਯੋਜਿਤ ‘ਵਰਲਡ ਮਾਸਟਰਜ਼ ਐਥਲੈਟਿਕਸ’ ਮੁਕਾਬਲੇ ‘ਚ 200 ਮੀਟਰ ਦੀ ਦੌੜ ਮਹਿਜ਼ 3 ਮਿੰਟ ਤੇ 14 ਸੈਕਿੰਡ ‘ਚ ਪੂਰੀ ਕਰਕੇ ਗੋਲਡ ਮੈਡਲ ਹਾਸਲ ਕਰ ਲਿਆ। ਜਿਸ ਉਮਰ ‘ਚ ਲੋਕਾਂ ਦੇ ਗੋਡਿਆਂ ‘ਤੇ ਭਾਰ ਨਹੀਂ ਆਉਂਦਾ, ਉਸ ਉਮਰ ‘ਚ ਦੌੜਾਂ ‘ਚ ਗੋਲਡ ਮੈਡਲ ਜਿੱਤਣਾ ਸੱਚਮੁੱਚ ਇਕ ਮਹਾਨ ਉਪਲੱਬਧੀ ਹੈ। ਜਿੱਥੇ ਅਸੀਂ ਸਮਝਦੇ ਹਾਂ ਕਿ ਛੋਟੀ ਉਮਰ ‘ਚ ਹੀ ਖੇਡਾਂ ਦੀ ਤਿਆਰੀ ਕੀਤੀ ਜਾ ਸਕਦੀ ਹੈ, ਉੱਥੇ ਦੱਸ ਦੇਈਏ ਕਿ ਮਾਨ ਕੌਰ ਦੀ ਖੇਡਾਂ ਦੀ ਦੌੜ 93 ਸਾਲ ਦੀ ਉਮਰ ‘ਚ ਸ਼ੁਰੂ ਹੋਈ ਹੈ। ਇਸ ਉਮਰ ‘ਚ ਵੀ ਉਹ ਸਵੇਰੇ 4 ਵਜੇ ਉੱਠ ਕੇ ਰੋਜ਼ਾਨਾ 20 ਕਿਲੋਮੀਟਰ ਦੌੜ ਲਗਾਉਂਦੀ ਹੈ ਅਤੇ ਕਸਰਤ ਕਰਦੀ ਹੈ।
ਮਸ਼ਹੂਰ ਮਾਡਲ, ਐਕਟਰ ਤੇ ਐਥਲੀਟ ਮਿਲਿੰਦ ਸੋਮਨ ਨੇ ਟਵੀਟ ਕਰ ਕੇ ਮਾਨ ਕੌਰ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ ਅਤੇ ਲਿਖਿਆ ਹੈ,’ਇਨ੍ਹਾਂ ਦੀ ਮੁਸਕਰਾਹਟ ਦੇਖੋ।” ਪੰਜਾਬ ਦੀ ਇਹ ਬੇਬੇ ਸੱਚਮੁੱਚ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ।
EDITED BY : SARA YAHA | | Last Updated : 7:00 pm 15 September 2018























