
ਮਾਨਸਾ, 09 ਸਤੰਬਰ (ਬਲਜੀਤ ਸ਼ਰਮਾ ): ਮਾਨਸਾ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਭਗੌੜੇ ਅਤੇ 24 ਪਰਚਿਆਂ ਵਿਚ ਨਾਮਜ਼ਦ ਠੱਗੀ ਦੇ ਇਕ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਖੁਲਾਸਾ ਅੱਜ ਐਸ.ਐਸ.ਪੀ. ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਰਦਿਆਂ ਕਿਹਾ ਕਿ ਇਸ ਦੋਸ਼ੀ ਦੀ ਗ੍ਰਿਫ਼ਤਾਰੀ ਹੋਣ ਨਾਲ ਹੋਰ ਠੱਗੀ ਦੇ ਮਾਮਲਿਆਂ ਨੂੰ ਠੱਲ੍ਹ ਪਵੇਗੀ। ਉਨ੍ਹਾਂ ਦੱਸਿਆ ਕਿ 42 ਸਾਲਾ ਮੁਜ਼ਰਮ ਪਾਲਾ ਸਿੰਘ ਵਾਸੀ ਮਹਿਮੜਾ (ਸਰਦੂਲਗੜ੍ਹ) ਸਾਲ 2014 ਤੋਂ ਠੱਗੀ ਠੋਰੀ ਦਾ ਧੰਦਾ ਚਲਾ ਰਿਹਾ ਸੀ।ਉਸ ਉਪਰ ਥਾਣਾ ਸਰਦੂਲਗੜ੍ਹ ਵਿਖੇ 24 ਪਰਚੇ ਦਰਜ ਸਨ।
ਉਨ੍ਹਾਂ ਦੱਸਿਆ ਕਿ ਉਸ ਨੇ ਕਿਰਪਾਲ ਸਿੰਘ ਪਟਵਾਰੀ ਅਤੇ ਗੁਰਜੀਤ ਸਿੰਘ ਵਾਸੀ ਖੁੰਮਣ ਨਾਲ ਮਿਲ ਕੇ ਇਕ ਕੰਪਿਊਟਰ ਫੋਟੋ ਸਟੇਟ ਵਾਲੀ ਦੁਕਾਨ ਤੇ ਜ਼ਮੀਨ ਦੀਆਂ ਜਾਅਲੀ ਜਮ੍ਹਾਂਬੰਦੀਆਂ, ਫਰਦਾਂ ਤੇ ਰਜਿਸਟਰੀਆਂ ਆਦਿ ਤਿਆਰ ਕੀਤੀਆਂ ਸਨ। ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਉਸ ਨੇ ਐਚ.ਡੀ.ਐਫ਼.ਸੀ. ਬੈਂਕ ਸਰਦੂਲਗੜ੍ਹ ਤੋਂ ਪੰਜ ਕਰੋੜ, ਸਤੱਤਰ ਲੱਖ ਰੁਪਏ ਦਾ ਲੋਨ ਲੈ ਕੇ ਬੈਂਕ ਨਾਲ ਠੱਗੀ ਮਾਰੀ ਸੀ।
ਇਸ ਮੁਜ਼ਰਮ ਦੀਆਂ ਠੱਗੀਆਂ ਬਾਰੇ ਹੋਰ ਚਾਨਣਾਂ ਪਾਉਂਦਿਆ ਐਸ.ਪੀ. (ਡੀ) ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਮਾਸਟਮਾਈਂਡ ਪਾਇਆ ਗਿਆ ਦੋਸ਼ੀ ਆਪਣੀ ਗ੍ਰਿਫ਼ਤਾਰੀ ਤੋਂ ਡਰਦਾ ਯੂ.ਪੀ, ਹਰਿਆਣਾ, ਮੱਧ ਪ੍ਰਦੇਸ਼ ਆਦਿ ਇਲਾਕਿਆਂ ਵਿਚ ਲੁਕ ਕੇ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇੰਚਾਰਜ ਪੀ.ਓ. ਇੰਸਪੈਕਟਰ ਅਜੈਬ ਸਿੰਘ ਦੀ ਅਗਵਾਈ ਹੇਠ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਖੂਫ਼ੀਆ ਤਫ਼ਤੀਸ਼ ਦੇ ਆਧਾਰ ਤੇ ਅੱਜ ਉਕਤ ਮੁਜ਼ਰਮ ਨੂੰ ਰਤੀਆ ਰੋਡ ਕੈਂਚੀਆਂ ਸਰਦੂਲਗੜ੍ਹ ਤੋਂ ਗਿਰਫ਼ਤਾਰ ਕੀਤਾ ਗਿਆ ਹੈ।
ਤਫ਼ਤੀਸ਼ੀ ਅਫ਼ਸਰ ਸ੍ਰੀ ਸਿ਼ਵਜੀ ਰਾਮ ਨੇ ਇਸ ਕੇਸ ਦੇ ਪਹਿਲੂਆਂ ਤੇ ਚਾਨਣਾਂ ਪਾਉਂਦਿਆਂ ਵਿਸਥਾਰ ਨਾਲ ਦੱਸਿਆ ਕਿ 2014 ਵਿਚ ਪਾਲਾ ਸਿੰਘ ਅਤੇ ਪਟਵਾਰੀ ਕਿਰਪਾਲ ਸਿੰਘ ਨੇ 12 ਵੱਖ—ਵੱਖ ਕੇਸਾਂ ਵਿਚ ਐਚ.ਡੀ.ਐਫ.ਸੀ. ਬੈਂਕ ਨਾਲ ਠੱਗੀ ਮਾਰੀ ਸੀ। ਇਨ੍ਹਾਂ 12 ਠੱਗੀਆਂ ਵਿਚ ਵੱਖ—ਵੱਖ ਦੋਸ਼ੀ ਸ਼ਾਮਲ ਸਨ ਜਿਨ੍ਹਾਂ ਦਾ ਮੁੱਖ ਸਰਗਨਾ ਪਾਲਾ ਅਤੇ ਪਟਵਾਰੀ ਕਿਰਪਾਲ ਸਿੰਘ ਸੀ। ਇਨ੍ਹਾਂ ਮੁੱਖ ਦੋਸ਼ੀਆਂ ਨੇ 12 ਹੋਰ ਵਿਅਕਤੀਆਂ ਨੂੰ ਆਪਣੇ ਅਧੀਨ ਕਰਕੇ ਜਾਅਲੀ ਕਾਗਜ਼ਾਤ ਬਣਵਾ ਕੇ ਬੈਂਕ ਤੋਂ ਲੋਨ ਦੇ ਰੂਪ ਵਿਚ ਪੈਸੇ ਇਕੱਠਾ ਕੀਤੇ। ਉਨ੍ਹਾਂ ਦੱਸਿਆ ਕਿ 12 ਵੱਖ—ਵੱਖ ਕਿਸਮ ਦੇ ਕੇਸਾਂ ਵਿਚ ਇਨ੍ਹਾਂ ਵਿਅਕਤੀਆਂ ਤੋਂ ਇਲਾਵਾ ਇਸ ਦੋਸ਼ੀ ਤੇ ਐਨੇ (12) ਹੀ ਪਰਚੇ ਦਰਜ ਕੀਤੇ ਗਏ। ਜਿਸ ਉਪਰੰਤ ਕਿਰਪਾਲ ਸਿੰਘ ਦੀ ਮੌਤ ਹੋ ਗਈ ਅਤੇ ਪਾਲਾ ਭਗੌੜਾ ਹੋ ਗਿਆ ਸੀ।
ਉਨ੍ਹਾਂ ਦੱਸਿਆ ਕਿ 2016 ਵਿਚ ਹਾਈਕੋਰਟ ਦੇ ਹੁਕਮਾਂ ਤੇ ਬਣੀ ਐਸ.ਆਈ.ਟੀ. (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦੁਆਰਾ ਪਾਲਾ ਸਿੰਘ ਨੂੰ ਮਾਸਟਰਮਾਈਂਡ ਕਰਾਰ ਦਿੰਦਿਆਂ 12 ਠੱਗੀ ਦੇ ਮਾਮਲਿਆਂ ਦਾ ਮੁੱਖ ਦੋਸ਼ੀ ਐਲਾਨਿਆ ਗਿਆ ਸੀ। ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਪਾਲਾ ਸਿੰਘ ਨੇ 12 ਵੱਖ—ਵੱਖ ਵਿਅਕਤੀਆਂ ਰਾਹੀਂ ਫਰਜ਼ੀ ਕਾਗਜ਼ਾਤ ਤਿਆਰ ਕਰਕੇ ਬੈਂਕ ਤੋਂ ਧੋਖੇ ਨਾਲ ਐਨੀ ਵੱਡੀ ਰਕਮ ਹਥਿਆਈ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ 12 ਕੇਸਾਂ ਵਿਚ ਪਾਲਾ ਸਿੰਘ ਦੇ ਭਗੌੜਾ ਹੋ ਜਾਣ ਉਪਰੰਤ ਅਦਾਲਤ ਵੱਲੋਂ ਉਸ ਨੂੰ ਪੀ.ਓ./ਭਗੌੜਾ (ਪ੍ਰੋਕਲੇਮਡ ਡਿਫੈਂਡਰ) ਐਲਾਨ ਦਿੱਤਾ। ਭਗੌੜਾ ਐਨਾਨਣ ਉਪਰੰਤ ਅਦਾਲਤ ਤੇ ਹੁਕਮਾਂ ਤੇ ਵੱਖ—ਵੱਖ ਕੇਸਾਂ ਵਿਚ ਉਸ ਉਪਰ 12 ਹੋਰ ਕੇਸ ਦਰਜ ਹੋ ਗਏ। ਇਸ ਤਰਾਂ ਉਹ 24 ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ ਜਿਸ ਨੂੰ ਕਾਬੂ ਕਰਨੇ ਤੇ ਇਕ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਆਈ ਹੈ।ਇਸ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
EDITED BY : SARA YAHA | | Last Updated : 8:30 pm 9 September 2018






















