

ਮੋਗਾ (ਸਾਰਾ ਯਹਾ) — ਜ਼ਿਲਾ ਅਤੇ ਵਧੀਕ ਸ਼ੈਸਨ ਜੱਜ ਤਰਸੇਮ ਮੰਗਲਾਂ ਦੀ ਅਦਾਲਤ ‘ਚ ਬੇਅੰਤ ਸਿੰਘ ਹੱਤਿਆ ਕਾਂਡ ਦੇ ਮਾਮਲੇ ‘ਚ ਤਿਹਾੜ ਜੇਲ ਦਿੱਲੀ ‘ਚ ਸਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਥਾਣਾ ਬੱਧਨੀ ਕਲਾਂ ‘ਚ ਦਰਜ ਇਕ ਮਾਮਲੇ ਸਬੰਧੀ ਅੱਜ ਇਕ ਵਾਰ ਫੇਰ ਵੀਡੀਓ ਕਾਨਫਰੰਸ ਰਾਂਹੀ ਪੇਸ਼ੀ ਹੋਈ। ਇਸ ਮਾਮਲੇ ਨੇ ਉਸ ਵੇਲੇ ਇਕ ਨਵਾਂ ਮੋੜ ਲਿਆ ਜਦੋ ਮਾਨਯੋਗ ਅਦਾਲਤ ਵੱਲੋ ਹਵਾਰਾ ਨੂੰ 13 ਸਾਲ ਪਹਿਲਾਂ ਲੋਪੋ ਪੁਲਸ ਚੌਕੀ ‘ਚ ਤਾਇਨਾਤ ਕਾਂਸਟੇਬਲ ਜਸਵੀਰ ਸਿੰਘ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਉਸ ਖਿਲਾਫ ਦਰਜ ਮਾਮਲੇ ‘ਚ ਵੱਡੀ ਰਾਹਤ ਦਿੰਦੇ ਹੋਏ ਦੋਸ਼ ਮੁਕਤ ਕਰ ਦਿੱਤਾ।
ਦੱਸਣਯੋਗ ਹੈ ਕਿ ਥਾਣਾ ਬੱਧਨੀ ਕਲਾਂ ਪੁਲਸ ਵੱਲੋਂ 16 ਫਰਵਰੀ 2005 ਨੂੰ ਹਵਾਰਾ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਜੋਗਾ ਸਿੰਘ, ਸਮੀਰ ਸਿੰਘ ਅਤੇ ਅਮਰੀਕ ਨੂੰ ਨਾਮਜ਼ਦ ਕੀਤਾ ਸੀ। ਇਸ ਮਾਮਲੇ ‘ਚ ਹਵਾਰਾ ਦੇ ਤਿੰਨ ਸਾਥੀਆਂ ਨੂੰ ਮਾਨਯੋਗ ਅਦਾਲਤ ਵੱਲੋਂ 19 ਫਰਵਰੀ 2010 ਨੂੰ ਸਬੂਤਾਂ ਦੀ ਵੱਡੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਮਾਨਯੋਗ ਅਦਾਲਤ ਵੱਲੋਂ 25 ਜੁਲਾਈ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ 7 ਅਗਸਤ ਨਿਸ਼ਚਤ ਕੀਤੀ ਗਈ ਸੀ ਅਤੇ ਵੀਡੀਓ ਕਾਨਫਰੰਸ ਰਾਂਹੀ ਕੀਤੀ ਗਈ ਸੁਣਵਾਈ ਤੋਂ ਬਾਅਦ ਮਾਨਯੋਗ ਅਦਾਲਤ ਨੇ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ ਹੈ।
EDITED BY : SARA YAHA | | Last Updated :12:4 Pm 8 august 2018























