ਬੁਢਲਾਡਾ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਛੇਤੀ ਕੱਢਿਆ ਜਾਵੇਗਾ: ਡਿਪਟੀ ਕਮਿਸ਼ਨਰ

0
5

ਮਾਨਸਾ, 3 ਅਗਸਤ (ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਬੀਤੀ ਸ਼ਾਮ ਬੁਢਲਾਡਾ, ਬੋਹਾ ਅਤੇ ਮਾਨਸਾ ਸ਼ਹਿਰਾਂ ਦਾ ਦੌਰਾ ਕਰਕੇ ਸੜਕਾਂ, ਸਫ਼ਾਈ, ਪਾਣੀ ਅਤੇ ਸੀਵਰੇਜ ਪ੍ਰਬੰਧਨ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਬੁਢਲਾਡਾ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਥੋੜਾ ਸਮਾਂ ਦਿੱਤਾ ਜਾਵੇ, ਕਿਉਂਕਿ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਿਚ ਸਮਾਂ ਲੱਗਦਾ ਹੈ। ਸ਼ੁਰੂਆਤ ਹੋ ਚੁੱਕੀ ਹੈ, ਜਲਦ ਹੀ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਬੁਢਲਾਡਾ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਸੜਕਾਂ ਦੀ ਮੁੱਖ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਅਧੀਨ ਸ਼ਹਿਰ ਦੀਆਂ ਸੜਕਾਂ ਦਾ ਕੰਮ ਛੇਤੀ ਮੁਕੰਮਲ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।
   ਬੁਢਲਾਡਾ ਦੀ ਫੇਰੀ ਦੌਰਾਨ ਡਿਪਟੀ ਕਮਿਸ਼ਨਰ ਨੂੰ ਸੜਕਾਂ ਦੀ ਸਮੱਸਿਆ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਜਾਣੂ ਕਰਵਾਇਆ ਕਿ ਕੌਂਸਲ ਵੱਲੋਂ ਆਪਣੇ ਸਾਧਨਾਂ ਰਾਹੀਂ ਸ਼ਹਿਰ ਦੀਆਂ ਸੜਕਾਂ ਦੇ ਟੈਂਡਰ ਲਾ ਕੇ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਈ.ਟੀ.ਆਈ ਚੌਕ ਤੋਂ ਟਰੱਕ ਯੂਨੀਅਨ ਤੱਕ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਸੜਕ ਮੰਡੀ ਬੋਰਡ ਕੋਲ ਹੋਣ ਕਾਰਨ ਹੁਣ ਤੱਕ ਇਸ ਦਾ ਕੰਮ ਨਹੀਂ ਸੀ ਹੋ ਸਕਿਆ। ਇਸ ਸੜਕ ਦਾ ਅਧਿਕਾਰ ਮੰਡੀ ਬੋਰਡ ਵੱਲੋਂ 4 ਮਹੀਨੇ ਪਹਿਲਾਂ ਹੀ ਨਗਰ ਕੌਂਸਲ ਬੁਢਲਾਡਾ ਨੂੰ ਦਿੱਤਾ ਗਿਆ ਹੈ। ਇਸ ਪਿੱਛੋਂ ਤੁਰੰਤ ਹੀ ਨਗਰ ਕੌਂਸਲ ਵੱਲੋਂ ਐਸਟੀਮੇਟ ਬਣਾ ਕੇ ਮੀਟਿੰਗ ਵਿੱਚ ਪਾਸ ਕਰਵਾਇਆ ਗਿਆ ਅਤੇ ਇਸ ਪਿੱਛੋਂ ਕੌਂਸਲ ਨੇ ਟੈਂਡਰ ਲਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਅੱਗੇ ਟਰੱਕ ਯੂਨੀਅਨ ਤੋਂ ਲੈ ਕੇ ਕੈਪਟਨ ਕੇ.ਕੇ ਗੌੜ ਚੌਕ, ਚੌਕ ਤੋਂ ਸ੍ਰੀ ਗੁਰੂ ਨਾਨਕ ਕਾਲਜ ਤੱਕ ਸੜਕਾਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਬਣਾਈਆਂ ਜਾਣੀਆਂ ਹਨ ਕਿਉਂ ਜੋ ਬੋਰਡ ਵੱਲੋਂ ਇਨ੍ਹਾਂ ਸੜਕਾਂ/ਗਲੀਆਂ ਵਿੱਚ ਜਲ ਸਪਲਾਈ ਪਾਈਪ ਤੇ ਸੀਵਰੇਜ ਪਾਉਣ, ਸੜਕਾਂ/ਗਲੀਆਂ ਪੱਕੀਆਂ ਕਰਨ, ਸਟਰੀਟ ਲਾਈਟਾਂ ਲਾਉਣ ਦਾ ਕੰਮ ਹਾਲੇ ਬਾਕੀ ਹੈ। ਇਨ੍ਹਾਂ ਕੰਮਾਂ ਲਈ ਸਾਰੇ ਫ਼ੰਡ ਜਲ ਸਪਲਾਈ ਤੇ ਸੀਵਰੇਜ ਬੋਰਡ ਨੇ ਖ਼ਰਚ ਕਰਨੇ ਹਨ।
ਇਸ ‘ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਬੋਰਡ ਦੇ ਅਧਿਕਾਰ ਖੇਤਰ ਦੀਆਂ ਸੜਕਾਂ ਦਾ ਕਾਰਜ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ।
ਕਾਰਜਸਾਧਕ ਅਫ਼ਸਰ ਨੇ ਇਹ ਵੀ ਦੱਸਿਆ ਕਿ ਭੀਖੀ-ਬੋਹਾ ਮੁੱਖ ਸੜਕ ਲੋਕ ਨਿਰਮਾਣ ਵਿਭਾਗ (ਬੀ.ਐਡ.ਆਰ) ਦੀ ਹੋਣ ਕਾਰਨ ਸਬੰਧਤ ਮਹਿਕਮੇ ਵੱਲੋਂ ਹੀ ਬਣਾਈ ਜਾਣੀ ਹੈ। ਨਗਰ ਕੌਂਸਲ ਬੁਢਲਾਡਾ ਵੱਲੋਂ ਫਿਰ ਵੀ ਐਸ.ਡੀ.ਐਮ. ਸ੍ਰੀ ਅਭੀਜੀਤ ਕਪਲਿਸ਼ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਸੜਕ ਉਪਰ ਪਏ ਟੋਇਆਂ ਵਿੱਚ ਮਿੱਟੀ ਪੁਆ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਰੋਡ ਦੇ ਟੈਂਡਰ ਲਾ ਦਿੱਤੇ ਗਏ ਹਨ। ਟੈਂਡਰ ਹੋਣ ਉਪਰੰਤ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਬੁਢਲਾਡਾ ਦੇ ਅਧਿਕਾਰੀਆਂ ਨੂੰ ਸਫ਼ਾਈ ਸੇਵਕਾਂ ਅਤੇ ਦਫ਼ਤਰੀ ਸਟਾਫ਼ ਦੀ ਘਾਟ ਨੂੰ ਵੀ ਪੂਰਾ ਕਰਨ ਦੀ ਹਦਾਇਤ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਐਸ.ਡੀ.ਐਮ. ਬੁਢਲਾਡਾ, ਮੰਡੀ ਬੋਰਡ, ਸੀਵਰੇਜ਼ ਬੋਰਡ, ਡਰੇਨੇਜ਼ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਵਿਸਥਾਰ ਮੀਟਿੰਗ ਕਰਦਿਆਂ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ।

LEAVE A REPLY

Please enter your comment!
Please enter your name here