

ਮਾਨਸਾ, 2 ਅਗਸਤ (ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀਆਂ ਹਦਾਇਤਾਂ ‘ਤੇ ਫ਼ੌਰੀ ਕਾਰਵਾਈ ਕਰਦਿਆਂ ਨਗਰ ਕੌਂਸਲ, ਮਾਨਸਾ ਨੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚੋਂ ਬਰਸਾਤੀ ਪਾਣੀ ਕੱਢਣ ਦੇ ਪੱਕੇ ਹੱਲ ਲਈ ਠੋਸ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ। 21 ਜੁਲਾਈ ਦੀ ਸ਼ਾਮ ਨੂੰ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਖੜ੍ਹਨ ਉਪਰੰਤ ਇਲਾਕਾ ਨਿਵਾਸੀਆਂ ਦੀ ਪੂਰਜ਼ੋਰ ਮੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਇਸ ਦੇ ਪੱਕੇ ਹੱਲ ਦੇ ਨਿਰਦੇਸ਼ ਜਾਰੀ ਕੀਤੇ ਸਨ।
ਨਗਰ ਕੌਂਸਲ ਵੱਲੋਂ ਹੁਣ ਬਰਸਾਤੀ ਪਾਣੀ ਕੱਢਣ ਲਈ ਨੀਵੇਂ ਇਲਾਕਿਆਂ ਵਿੱਚ ਚਾਰ ਸਥਾਈ ਮੋਟਰਾਂ ਸਥਾਪਤ ਕਰ ਦਿੱਤੀਆਂ ਗਈਆਂ ਹਨ ਅਤੇ ਦੋ ਟਰਾਲੀ ਮੋਟਰਾਂ ਤਿਆਰ ਹੋਣ ਉਪਰੰਤ ਛੇਤੀ ਹੀ ਕੰਮ ਵਿੱਚ ਲਾ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਰੇਲਵੇ ਲਾਈਨ ਪਾਰਲੇ ਟੋਭੇ ‘ਚ ਪੈਣ ਵਾਲੇ ਨਾਲੇ ਦੀ ਸਫ਼ਾਈ ਵੀ ਕਰਵਾ ਦਿੱਤੀ ਗਈ ਹੈ। ਬਰਸਾਤੀ ਪਾਣੀ ਨੂੰ ਇਕੱਠਾ ਕਰਨ ਦੇ ਮਨਸ਼ੇ ਨਾਲ ਨਗਰ ਕੌਂਸਲ ਨੇ ਸ਼ਹਿਰ ਵਿੱਚ 8 ਰੀਚਾਰਜ ਬੋਰ ਹੋਲ ਲਗਾਉਣ ਦਾ ਫ਼ੈਸਲਾ ਲਿਆ ਹੈ ਜਿਸ ਸਬੰਧੀ ਕੰਮ ਛੇਤੀ ਹੀ ਚਾਲੂ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸ੍ਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਹਾਲਾਂਕਿ 21 ਜੁਲਾਈ ਦੀ ਸ਼ਾਮ ਨੂੰ ਪਏ ਭਾਰੀ ਮੀਂਹ ਕਾਰਨ ਸ਼ਹਿਰ ਵਿਚੋਂ ਬਾਰਿਸ਼ ਦੇ ਪਾਣੀ ਨੂੰ ਇਕ ਰਿਕਾਰਡ ਸਮੇਂ ਵਿਚ ਹੀ ਕੱਢ ਦਿੱਤਾ ਗਿਆ ਸੀ, ਪਰ ਫਿਰ ਵੀ ਇਸ ਦਾ ਪੱਕਾ ਹੱਲ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਕਾਲੀ ਮਾਤਾ ਮੰਦਰ ਕੋਲ ਬਰਸਾਤੀ ਪਾਣੀ ਕੱਢਣ ਲਈ ਸਥਾਈ ਮੋਟਰ ਸਥਾਪਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅੰਡਰ ਬਰਿੱਜ ਉਪਰ ਇੱਕ 5 ਹਾਰਸ ਪਾਵਰ ਦੀ ਛੋਟੀ ਮੋਟਰ ਦੇ ਨਾਲ ਪੁਲ ਥੱਲਿਉਂ ਪਾਣੀ ਕੱਢਣ ਲਈ ਅੰਡਰ ਬਰਿੱਜ ਨੇੜੇ 15 ਹਾਰਸ ਪਾਵਰ ਦੀ ਇੱਕ ਹੋਰ ਮੋਟਰ ਲਗਾ ਦਿੱਤੀ ਗਈ ਹੈ ਜਿਸ ਲਈ ਇਕ ਵੱਖਰਾ ਕਮਰਾ ਵੀ ਤਿਆਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਵਾਲੇ ਪਾਸੇ ਦਾ ਬਰਸਾਤੀ ਪਾਣੀ ਅਤੇ ਸੀਵਰੇਜ ਦਾ ਪਾਣੀ ਕੱਢਣ ਲਈ ਇੱਕ ਹੋਰ ਮੋਟਰ ਅੰਡਰ ਬਰਿੱਜ ਨਾਲ ਲਗਾਈ ਗਈ ਹੈ ਜਿਸ ਨੂੰ ਪਾਣੀ ਅਨੁਸਾਰ ਹਰ ਸਮੇਂ ਚਲਾਇਆ ਜਾਂਦਾ ਹੈ।
ਕਾਰਜਸਾਧਕ ਅਫ਼ਸਰ ਅਨੁਸਾਰ ਸਿਨੇਮਾ ਰੋਡ ਉੱਪਰ ਰੇਲਵੇ ਫਾਟਕ ਤੋਂ ਵਨ-ਵੇਅ ਟਰੈਫਿਕ ਰੋੜ ਨੂੰ ਜਾਂਦੀ ਸੜਕ ਕਿਨਾਰੇ ਦੇ ਨਾਲੇ ਦੀ ਸਫ਼ਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਰੇਲਵੇ ਲਾਈਨ ਨੂੰ ਕਰਾਸ ਕਰਕੇ ਟੋਭੇ ਵਿੱਚ ਪੈਣ ਵਾਲੇ ਨਾਲੇ ਦੀ ਸਫਾਈ ਵੀ ਕਰਵਾਈ ਜਾ ਚੁੱਕੀ ਹੈ।
ਇਸ ਤਰਾਂ ਦੇ ਪਾਣੀ ਦੇ ਹੋਰ ਪੁਖ਼ਤਾ ਪ੍ਰਬੰਧ ਕਰਨ ਲਈ 20 ਹਾਰਸ ਪਾਵਰ ਦੀਆਂ 2 ਟਰਾਲੀ ਮੋਟਰਾਂ ਸੀਵਰੇਜ ਦਾ ਪਾਣੀ ਕੱਢਣ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਛੇਤੀ ਹੀ ਕੰਮ ਵਿੱਚ ਲਾ ਦਿੱਤੀਆਂ ਜਾਣਗੀਆਂ।
ਨਗਰ ਕੌਂਸਲ ਅਧਿਕਾਰੀ ਨੇ ਉਚੇਚੇ ਤੌਰ ‘ਤੇ ਦੱਸਿਆ ਕਿ ਕੌਂਸਲ ਵੱਲੋਂ ਇੱਕ ਮਤਾ ਪਾਸ ਕਰਕੇ 8 ਵੱਖ-ਵੱਖ ਥਾਵਾਂ ਤੇ ਰੀਚਾਰਜ ਬੋਰ ਹੋਲ ਲਗਾ ਕੇ ਇੱਕ ਥਾਂ ਤੇ ਇਕੱਠੇ ਹੋਏ ਬਰਸਾਤੀ ਪਾਣੀ ਨੂੰ ਪਾਈਪਾਂ ਰਾਹੀਂ ਧਰਤੀ ਹੇਠ ਸਟੋਰ ਕਰਨ ਦੇ ਨਾਲ-ਨਾਲ ਪਾਣੀ ਦੇ ਜਮ੍ਹਾਂ ਹੋਣ ਤੋਂ ਵੀ ਨਿਜ਼ਾਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 5 ਥਾਵਾਂ ‘ਤੇ 9 ਇੰਚ ਆਕਾਰ ਦੇ ਅਤੇ 3 ਥਾਵਾਂ ‘ਤੇ 5 ਇੰਚ ਆਕਾਰ ਦੇ ਰੀਚਾਰਜ ਬੋਰ ਹੋਲ ਲਾਏ ਜਾਣਗੇ, ਜੋ ਨਗਰ ਕੌਂਸਲ ਵੱਲੋਂ ਮਤੇ ਰਾਹੀਂ ਪ੍ਰਵਾਨ ਕੀਤੇ ਜਾ ਚੁੱਕੇ ਹਨ। ਇਸ ਕੰਮ ਲਈ ਤਿੰਨ ਕੋਣੀ ‘ਤੇ ਓਵਰ ਬਰਿੱਜ ਨੇੜੇ, ਤ੍ਰਿਵੈਣੀ ਮੰਦਰ ਨੇੜੇ, ਬੱਸ ਸਟੈਂਡ ਚੌਕ ਨੇੜੇ, ਵਾਟਰ ਵਰਕਸ ਰੋਡ ਉਪਰ ਸਿਵਲ ਹਸਪਤਾਲ ਨੇੜੇ ਅਤੇ ਦਾਣਾ ਮੰਡੀ ਅੰਦਰ ਗੁਰਦਵਾਰਾ ਸਾਹਿਬ ਨੇੜਲੀਆਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਜਦ ਕਿ ਬਾਕੀ ਥਾਵਾਂ ਸਬੰਧੀ ਫ਼ੈਸਲਾ ਛੇਤੀ ਹੀ ਲੈ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ‘ਤੇ ਤਕਰੀਬਨ 16 ਲੱਖ ਰੁਪਏ ਖ਼ਰਚ ਆਉਣਗੇ ਅਤੇ ਸਰਕਾਰ ਵੱਲੋਂ ਇਸ ਪ੍ਰਾਜੈਕਟ ਦੇ ਪਾਸ ਹੋਣ ਤੋਂ ਤੁਰੰਤ ਬਾਅਦ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
EDITED BY : SARA YAHA | | Last Updated : 6:੩5 pm 2 AUGUST 2018






















