

ਚੰਡੀਗੜ੍ਹ (ਸਾਰਾ ਯਹਾ): ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਵਿੱਚ ਫਸੇ ਭਾਰਤੀ ਨੌਜਵਾਨ ਨੂੰ ਮਦਦ ਦਾ ਭਰੋਸਾ ਜਤਾਇਆ ਹੈ। ਦੇਵਾਤਾ ਰਵੀ ਤੇਜਾ ਵਿਦੇਸ਼ ਯਾਤਰਾ ਲਈ ਗਿਆ ਸੀ ਜਿੱਥੇ ਉਸ ਦਾ ਪਾਸਪੋਰਟ ਗੁੰਮ ਹੋ ਗਿਆ। ਇਸ ਤੋਂ ਬਾਅਦ ਉਹ ਅਮਰੀਕਾ ਵਿੱਚ ਹੀ ਫਸ ਗਿਆ। ਅਗਸਤ ਮਹੀਨੇ ਵਿੱਚ ਉਸ ਦਾ ਵਿਆਹ ਹੈ। ਇਸ ਲਈ ਉਸ ਨੇ ਭਾਰਤ ਵਾਪਸ ਪਰਤਣਾ ਸੀ ਪਰ ਵਾਪਸੀ ਤੋਂ ਪਹਿਲਾਂ ਹੀ ਵਾਸ਼ਿੰਗਟਨ ਵਿੱਚ ਉਸ ਦਾ ਪਾਸਪੋਰਟ ਗੁੰਮ ਹੋ ਗਿਆ।
ਨੌਜਵਾਨ ਵੱਲੋਂ ਮਦਦ ਮੰਗੇ ਜਾਣ ਬਾਅਦ ਵਿਦੇਸ਼ ਮੰਤਰੀ ਨੇ ਉਸ ਨੂੰ ਟਵੀਟ ਕੀਤਾ ਕਿ ਉਸ ਨੇ ਬੜੇ ਗ਼ਲਤ ਸਮੇਂ ’ਤੇ ਆਪਣਾ ਪਾਸਪੋਰਟ ਗੁੰਮ ਕੀਤਾ ਹੈ। ਇਸ ਲਈ ਉਹ ਨੌਜਵਾਨ ਦੇ ਵਿਆਹ ਵਿੱਚ ਸਮੇਂ ਸਿਰ ਭਾਰਤ ਪੁੱਜਣ ਵਿੱਚ ਉਸ ਦੀ ਮਦਦ ਕਰਨਗੇ। ਉਨ੍ਹਾਂ ਅਮਰੀਕਾ ਵਿੱਚ ਭਾਰਤੀ ਰਾਜਦੂਤ ਨਵਤੇਜ ਸਰਨਾ ਨੂੰ ਮਨੁੱਖੀ ਆਧਾਰਾਂ ’ਤੇ ਨੌਜਵਾਨ ਦੀ ਮਦਦ ਕਰਨ ਤੇ ਜਲਦੀ ਤੋਂ ਜਲਦੀ ਉਸ ਨੂੰ ਪਾਸਪੋਰਟ ਦਿਵਾਉਣ ਵਿੱਚ ਉਸ ਦੀ ਮਦਦ ਕਰਨ ਲਈ ਕਿਹਾ ਹੈ।
ਤੇਜਾ ਨੇ ਸੁਸ਼ਮਾ ਸਵਰਾਜ ਨੂੰ ਮਦਦ ਦੀ ਗੁਹਾਰ ਲਾਉਂਦਿਆਂ ਟਵੀਟ ਕੀਤਾ ਸੀ ਕਿ ਵਾਸ਼ਇੰਗਟਨ ਡੀਸੀ ਤੋਂ ਉਸ ਦਾ ਪਾਸਪੋਰਟ ਗੁੰਮ ਹੋ ਗਿਆ ਹੈ। 13-15 ਅਗਸਤ ਨੂੰ ਉਸ ਦਾ ਵਿਆਹ ਹੈ ਤੇ ਸਮੇਂ ਸਿਰ ਵਿਆਹ ਵਿੱਚ ਪੁੱਜਣ ਵਿੱਚ ਉਹ ਉਸ ਦੀ ਮਦਦ ਕਰਨ। ਸੁਸ਼ਮਾ ਵੱਲੋਂ ਮਦਦ ਦਾ ਭਰੋਸਾ ਦਿੱਤੇ ਜਾਣ ਬਾਅਦ ਤੇਜਾ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ।























