

ਮਾਨਸਾ, 23 ਜੁਲਾਈ(ਬਲਜੀਤ ਸ਼ਰਮਾ ): ਮਾਨਸਾ ਵਿਖੇ 29 ਜੁਲਾਈ ਨੂੰ ਮਿਸ਼ਨ ਤੰਦਰੁਸਤ ਪੰਜਾਬ, ਨਸ਼ਾ ਮੁਕਤ ਪੰਜਾਬ ਅਤੇ ਖੇਡ੍ਹੋ ਮਾਨਸਾ ਸਬੰਧੀ ਕਰਵਾਈ ਜਾ ਰਹੀ ਮਿੰਨ੍ਹੀ ਟ੍ਰਾਈ ਐਥਲੋਨ ਦੇ ਅਗੇਤੇ ਪ੍ਰਬੰਧਾਂ ਸਬੰਧੀ ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਕਪਲਿਸ਼ ਨੇ ਕਿਹਾ ਕਿ ਇਸ ਮਿੰਨੀ ਟ੍ਰਾਈ ਐਥਲੋਨ ਰੈਲੀ ਵਿਚ ਸਾਈਕਲ ਰੇਸ 30 ਕਿਲੋਮੀਟਰ, ਪੈਦਲ ਚਾਲ 10 ਕਿਲੋਮੀਟਰ (ਮਰਦ ਅਤੇ ਔਰਤਾਂ), ਰਨਿੰਗ 10 ਕਿਲੋਮੀਟਰ (ਮਰਦ ਅਤੇ ਔਰਤਾਂ) ਆਦਿ ਵਿਚ ਹਿੱਸਾ ਲਿਆ ਜਾ ਸਕਦਾ ਹੈ। ਇਹ ਰੈਲੀ ਤਿੰਨ ਰੂਟਾਂ ਵਿਚੋਂ ਵੱਖ-ਵੱਖ ਪਿੰਡਾਂ ਤੋਂ ਗੁਜ਼ਰਨੀ ਹੈ। ਉਨ੍ਹਾਂ ਵੱਲੋਂ ਇਸ ਰੈਲੀ ਨੂੰ ਉਚੇਚੇ ਤੌਰ ਤੇ ਸਫ਼ਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਮੈਂਬਰਾਂ, ਗੈਰ ਸਰਕਾਰੀ ਮੈਂਬਰਾਂ ਅਤੇ ਪਿੰਸੀਪਲਾਂ ਨੂੰ ਲੋੜੀਂਦੀਆਂ ਡਿਊਟੀਆਂ ਸੌਂਪੀਆਂ ਗਈਆਂ ਹਨ।
ਇਸ ਦੌਰਾਨ ਸ੍ਰੀ ਕਪਲਿਸ਼ ਨੇ ਬਹੁਮੰਤਵੀਂ ਖੇਡ ਸਟੇਡੀਅਮ ਸੁਧਾਰ ਕਲੱਬ ਕੋਲੋਂ ਰੈਲੀ ਸਬੰਧੀ ਰੂਟ ਪਲਾਨ ਦੀ ਮੰਗ ਕੀਤੀ ਅਤੇ ਉਕਤ ਕਮੇਟੀ ਨੂੰ ਖੇਡ੍ਹਾਂ ਵਿਚ ਭਾਗ ਲੈਣ ਵਾਲੇ ਬੱਚਿਆਂ, ਔਰਤਾਂ ਅਤੇ ਮੈਂਬਰਾਂ ਨੂੰ ਟੋਪੀਆਂ, ਟੀ-ਸ਼ਰਟਾਂ ਅਤੇ ਹੋਰ ਸਾਮਾਨ ਆਪਣੇ ਪੱਧਰ ਤੇ ਉਪਲੱਬਧ ਕਰਵਾਉਣ ਲਈ ਕਿਹਾ।
ਉਨ੍ਹਾਂ ਜਿੱਥੇ ਮਾਰਕਿਟ ਕਮੇਟੀ ਨੂੰ ਇਸ ਮੌਕੇ ਪਾਣੀ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਉੱਥੇ ਹੀ ਮੁੱਖ ਥਾਣਾ ਅਫ਼ਸਰ ਨੂੰ ਟਰੈਫਿਕ ਕੰਟਰੋਲ ਦੇ ਇੰਤਜ਼ਾਮ ਕਰਨ ਲਈ ਕਿਹਾ।
ਮੀਟਿੰਗ ਦੇ ਅਖੀਰ ਵਿਚ ਉਨ੍ਹਾਂ ਕਿਹਾ ਕਿ ਰੈਲੀ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ/ਕਲੱਬਾਂ/ਸਕੂਲ ਮੁਖੀਆਂ ਦੀਆਂ ਜੋ ਡਿਊਟੀਆਂ ਲਗਾਈਆਂ ਗਈਆਂ ਹਨ, ਉਹ ਸਾਰੇ ਮੈਂਬਰ ਉਕਤ ਰੈਲੀ ਨੂੰ ਸਫ਼ਲ ਬਣਾਉਣ ਲਈ ਪਹਿਲ ਦੇ ਆਧਾਰ ਤੇ ਕੰਮ ਕਰਨ ਨੂੰ ਤਰਜੀਹ ਦੇਣ।






















