
ਮਾਨਸਾ, 19 ਜੁਲਾਈ (ਬਲਜੀਤ ਸ਼ਰਮਾ ) : ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਨਿਰੋਗ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਲਈ ਵਿਭਾਗਾਂ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਡੀ ਮੁਹਿੰਮ ਵਿੱਢ ਕੇ ਭਾਰੀ ਗਿਣਤੀ ਵਿੱਚ ਪੌਦੇ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਪੌਦੇ ਲਗਾਉਣ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਤਹਿਤ ਹੁਣ ਤੱਕ ਵਿਭਾਗਾਂ ਵੱਲੋਂ 72950 ਪੌਦੇ ਲਗਾਏ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਬੀ.ਡੀ.ਪੀ.ਓ. (ਬਲਾਕ ਡਿਵੈਲਪਮੈਂਟ ਪੰਚਾਇਤ ਆਫਿਸ) ਭੀਖੀ, ਬੁਢਲਾਡਾ, ਝੁਨੀਰ, ਮਾਨਸਾ, ਸਰਦੂਲਗੜ੍ਹ ਵੱਲੋਂ 44740, ਵਣ ਮੰਡਲ ਅਫ਼ਸਰ ਮਾਨਸਾ ਵੱਲੋਂ 8950, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) 110, ਯੂਵਕ ਸੇਵਾਵਾਂ ਵੱਲੋਂ 7700, ਨਹਿਰੂ ਯੁਵਾ ਕੇਂਦਰ ਵੱਲੋਂ 7100, ਵਾਟਰ ਸਪਲਾਈ ਵੱਲੋਂ 210, ਪੰਜਾਬ ਮੰਡੀ ਬੋਰਡ ਵੱਲੋਂ 2800, ਡੀ.ਆਰ. ਕੋਆਪਰੇਟਿਵ ਸੋਸਾਇਟੀ ਵੱਲੋਂ 1400 ਪੌਦੇ ਲਗਾਏ ਗਏ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਗਨਰੇਗਾ ਅਧੀਨ ਜ਼ਿਲ੍ਹੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ 60357 ਪੌਦੇ ਜਾਰੀ ਕੀਤੇ ਗਏ ਹਨ ਅਤੇ ਘਰ-ਘਰ ਹਰਿਆਲੀ ਮੁਹਿੰਮ ਤਹਿਤ ਵੀ ਲੋਕਾਂ ਨੂੰ ਪੌਦਿਆਂ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੰਦਰੁਸਤ ਸਰੀਰ ਦਾ ਆਨੰਦ ਮਾਣਨ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।
EDITED BY : SARA YAHA | | Last Updated : 7:20 pm 18 JULY 2018






















