

ਮਾਨਸਾ, 19 ਜੁਲਾਈ(ਬਲਜੀਤ ਸ਼ਰਮਾ): ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਮਾਨਸਾ ਸ੍ਰੀ ਲਾਲ ਚੰਦ ਠੁਕਰਾਲ ਦੀ ਅਗਵਾਈ ਵਿਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਦਸਤ ਰੋਕੂ(ਇੰਟੈਂਸਿਵ ਡਾਇਰੀਆ ਕੰਟਰੋਲ ਫੋਰਟਨਾਈਟ) ਪੰਦਰਵਾੜੇ ਅਧੀਨ ਡਿਸਪੈਂਸਰੀਆਂ ਅਤੇ ਸਬ ਸੈਂਟਰਾਂ ਵਿਚ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਲਗਾਏ ਗਏ ਹਨ। ਇਨ੍ਹਾਂ ਕਾਰਨਰਾਂ ਵਿਚ ਓ.ਆਰ.ਐਸ ਅਤੇ ਜ਼ਿੰਕ ਦੇ ਪੈਕਟ ਉਪਲੱਬਧ ਕਰਵਾਏ ਗਏ ਹਨ।
ਮਾਸ ਮੀਡੀਆ ਅਫ਼ਸਰ ਸ੍ਰੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ‘ਚ ਬੱਚਿਆਂ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ਜਿਸ ਕਾਰਨ ਦਸਤ ਅਤੇ ਉਲਟੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਡਿਸਪੈਂਸਰੀਆਂ ਅਤੇ ਸਬ ਸੈਂਟਰਾਂ ਵਿਚ ਜ਼ਿੰਕ ਕਾਰਨਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 0 ਤੋਂ 5 ਸਾਲ ਦੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਘਰ-ਘਰ ਓ.ਆਰ.ਐਸ ਪੈਕਟ ਭੇਜੇ ਜਾਂਦੇ ਹਨ ਅਤੇ ਇਸ ਨੂੰ ਵਰਤਣ ਦਾ ਤਰੀਕਾ ਵੀ ਸਮਝਾਇਆ ਜਾਂਦਾ ਹੈ।
ਸਹਾਇਕ ਡਾਇਰੈਕਟਰ ਆਰ.ਬੀ.ਐਸ.ਕੇ. ਸ੍ਰੀ ਯੋਗੇਸ਼ ਨੇ ਸਬ ਸੈਂਟਰ ਖਿਆਲਾ ਕਲਾਂ, ਆਂਗਣਵਾੜੀ, ਸਕੂਲ ਆਦਿ 30 ਥਾਵਾਂ ਦਾ ਨਿਰੀਖਣ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੁਆਰਾ ਹਰ ਘਰ ਵਿਚ ਓ.ਆਰ.ਐਸ. ਪੈਕਟ ਅਤੇ ਜ਼ਿੰਕ ਦੀਆਂ ਗੋਲੀਆਂ ਦੇਣ ਸਬੰਧੀ ਚਲਾਈ ਮੁਹਿੰਮ ਬਾਰੇ ਜਾਣਕਾਰੀ ਦਿੱਤੀ।






















