

ਮਾਛੀਵਾੜਾ ਸਾਹਿਬ, 14 ਜੁਲਾਈ (ਸਾਰਾ ਯਹਾ) – ਮਾਛੀਵਾੜਾ ਪੁਲਿਸ ਨੇ ਥਾਣਾ ਸਮਰਾਲਾ ਅਧੀਨ ਪੈਂਦੇ ਇੱਕ ਪਿੰਡ ਦੀ ਲੜਕੀ ਦੇ ਬਿਆਨਾਂ ਦੇ ਅਧਾਰ ’ਤੇ ਉਸਦੇ ਪ੍ਰੇਮੀ ਵਲੋਂ ਬਲਾਤਕਾਰ ਕਰਨ ਅਤੇ ਅਸ਼ਲੀਲ ਵੀਡਿਓ ਬਣਾ ਧਮਕੀਆਂ ਦੇ ਕੇ ਵਾਰ-ਵਾਰ ਸਰੀਰਕ ਸਬੰਧ ਬਣਾਉਣ ਦੇ ਕਥਿਤ ਦੋਸ਼ ਹੇਠ ਨੌਜਵਾਨ ਦਲਵੀਰ ਸਿੰਘ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਪ੍ਰੇਮਿਕਾ ਨੇ ਪੁਲਿਸ ਜਿਲ੍ਹਾ ਖੰਨਾ ਦੇ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਕਿ ਉਸਦੀ ਦਲਵੀਰ ਸਿੰਘ ਨਾਲ ਅਪ੍ਰੈਲ-2016 ’ਚ ਦੋਸਤੀ ਹੋਈ ਅਤੇ ਫਿਰ ਇੱਕ ਦਿਨ ਉਹ ਉਸਨੂੰ ਆਪਣੇ ਮਾਤਾ-ਪਿਤਾ ਨਾਲ ਮਿਲਾਉਣ ਲਈ ਘਰ ਲੈ ਗਿਆ। ਸ਼ਿਕਾਇਤਕਰਤਾ ਅਨੁਸਾਰ ਘਰ ਵਿਚ ਉਸਦੇ ਮਾਤਾ-ਪਿਤਾ ਨਹੀਂ ਸਨ ਅਤੇ ਇੱਥੇ ਉਸਨੇ ਜਬਰਦਸ਼ਤੀ ਚਾਕੂ ਦੀ ਨੋਕ ’ਤੇ ਜਾਨੋ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਬਲਾਤਕਾਰ ਕੀਤਾ। ਉਸ ਤੋਂ ਬਾਅਦ ਦੋਹਾਂ ਵਿਚਕਾਰ ਗੱਲਬਾਤ ਹੁੰਦੀ ਰਹੀ ਅਤੇ ਪ੍ਰੇਮੀ ਦਲਵੀਰ ਸਿੰਘ ਨੇ ਉਸਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਸ ਨਾਲ ਵਿਆਹ ਕਰਵਾਏਗਾ। ਦੋਵਾਂ ਪਰਿਵਾਰਾਂ ਵਿਚ ਬੈਠ ਕੇ ਰਿਸ਼ਤੇ ਦੀ ਗੱਲ ਵੀ ਹੋਈ ਅਤੇ ਜਦੋਂ ਮੰਗਣੀ ਹੋਣ ਲੱਗੀ ਤੇ ਉਸਦੇ ਪ੍ਰੇਮੀ ਦੇ ਮਾਤਾ-ਪਿਤਾ ਕਹਿਣ ਲੱਗੇ ਕਿ ਪੰਡਿਤ ਨੇ ਮੰਗਣੀ ਲਈ ਮਨ੍ਹਾ ਕੀਤਾ ਹੈ ਇਸ ਲਈ ਸਿੱਧਾ ਵਿਆਹ ਕਰ ਲਵੇਗਾ। ਨਵੰਬਰ-2016 ’ਚ ਦਲਵੀਰ ਸਿੰਘ ਨੇ ਉਸਨੂੰ ਵਿਦੇਸ਼ ਜਾਣ ਲਈ ਇੱਕ ਕੋਰਸ ਕਰਾਉਣ ਲਈ ਮਨਾ ਲਿਆ ਅਤੇ ਉਹ ਮੋਹਾਲੀ ਵਿਖੇ ਕਲੌਨੀ ’ਚ ਕੋਠੀ ਕਿਰਾਏ ’ਤੇ ਲੈ ਕੇ ਰਹਿਣ ਲੱਗੀ। ਇਸ ਦੌਰਾਨ ਉਸਦਾ ਪ੍ਰੇਮੀ ਦਲਵੀਰ ਸਿੰਘ ਉਸ ਕੋਲ ਆਉਂਦਾ ਰਿਹਾ ਅਤੇ ਉਸ ਨਾਲ ਜਬਰਦਸ਼ਤੀ ਸਰੀਰਕ ਸਬੰਧ ਬਣਾਉਂਦਾ ਰਿਹਾ ਕਿ ਆਪਣਾ ਵਿਆਹ ਹੋਣ ਵਾਲਾ ਹੈ ਇਸ ਲਈ ਉਹ ਚੁੱਪ ਹੋ ਜਾਂਦੀ।
ਪ੍ਰੇਮਿਕਾ ਨੇ ਦੋਸ਼ ਲਗਾਇਆ ਕਿ ਉਸਨੇ ਆਪਣੇ ਪ੍ਰੇਮੀ ਦਾ ਮੋਬਾਇਲ ਚੈੱਕ ਕੀਤਾ ਤਾਂ ਉਸ ਵਿਚ ਸਰੀਰਕ ਸਬੰਧ ਬਣਾਉਂਦੇ ਦੀ ਅਸ਼ਲੀਲ ਵੀਡਿਓ ਬਣੀ ਹੋਈ ਸੀ ਜਿਸ ’ਤੇ ਉਸਨੇ ਖੁਦਕੁਸ਼ੀ ਕਰਨ ਦੀ ਵੀ ਸੋਚੀ ਪਰ ਬਦਨਾਮੀ ਕਾਰਨ ਰੁਕ ਗਈ। ਸ਼ਿਕਾਇਤਕਰਤਾ ਅਨੁਸਾਰ ਪ੍ਰੇਮੀ ਦਲਵੀਰ ਸਿੰਘ ਉਸਨੂੰ ਫਿਰ ਵਿਆਹ ਕਰਵਾਉਣ ਦਾ ਲਾਰਾ ਲਗਾਉਣ ਲੱਗ ਪਿਆ ਅਤੇ ਜਦੋਂ ਆਪਣੇ ਪਰਿਵਾਰ ਸਮੇਤ ਘਰ ਆਇਆ ਤਾਂ ਉਸਨੇ ਵਿਆਹ ਬਦਲੇ ਫਾਰਚੂਨਰ ਗੱਡੀ ਦੀ ਮੰਗ ਅਤੇ 10 ਲੱਖ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਸਨੇ ਮੰਗ ਪੂਰੀ ਨਾ ਕੀਤੀ ਤਾਂ ਉਸਦੀ ਅਸ਼ਲੀਲ ਵੀਡਿਓ ਸੋਸ਼ਲ ਮੀਡਿਆ ’ਤੇ ਪਾ ਕੇ ਉਸ ਨੂੰ ਬਦਨਾਮ ਕਰ ਦੇਵੇਗਾ। ਪ੍ਰੇਮਿਕਾ ਨੇ ਸ਼ਿਕਾਇਤ ਵਿਚ ਉਸਦਾ ਪ੍ਰੇਮੀ ਦਲਵੀਰ ਸਿੰਘ ਨੇ ਉਸਦੀ ਮਰਜ਼ੀ ਬਿਨ੍ਹਾਂ ਬਲਾਤਕਾਰ ਕੀਤਾ, ਫਿਰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ ਅਤੇ ਨਜਾਇਜ਼ ਮੰਗਾਂ ਨਾ ਪੂਰੀਆਂ ਕਰਨ ’ਤੇ ਬਲੈਕਮੇਲ ਕਰ ਰਿਹਾ ਹੈ। ਮਾਛੀਵਾੜਾ ਪੁਲਿਸ ਨੇ ਸ਼ਿਕਾਇਤ ਦੇ ਅਧਾਰ ’ਤੇ ਦਲਵੀਰ ਸਿੰਘ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
EDITED BY : SARA YAHA | | Last Updated : 9:40 AM 15 JULY 2018
























