

ਸੰਗਰੂਰ (ਸਾਰਾ ਯਹਾ) : ਸ਼ਹਿਰ ਦੇ ਨੇੜਲੇ ਪਿੰਡ ਘਾਬਦਾਂ ਕੋਲ ਮੇਨ ਰੋਡ ‘ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਐਕਸਿਸ ਬੈਂਕ ਦੀ ਕੈਸ਼ ਵੈਨ ‘ਚੋਂ ਪੰਜ ਲੱਖ ਰੁਪਏ ਲੁੱਟ ਲਏ ਤੇ ਸੁਰੱਖਿਆ ਗਾਰਡ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਗਾਰਡ ਦੇ ਸਿਰ ਵਿੱਚ ਗੋਲ਼ੀ ਲੱਗੀ ਹੈ। ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਹਮਲਾਵਰਾਂ ਨੇ ਕੈਸ਼ ਵੈਨ ਦੇ ਟਾਇਰਾਂ ਵਿੱਚ ਗੋਲ਼ੀਆਂ ਮਾਰ ਰੋਕਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ।
ਕੈਸ਼ ਵੈਨ ਵਿੱਚ ਸਵਾਰ ਪੰਜ ਜਣਿਆਂ ਵਿੱਚੋਂ ਸਤਵੰਤ ਸਿੰਘ ਨੇ ਦੱਸਿਆ ਕਿ ਉਹ ਸੰਗਰੂਰ ਤੋਂ ਭਵਾਨੀਗੜ੍ਹ ਜਾ ਰਹੇ ਸਨ ਤਾਂ ਪਿੰਡ ਘਾਬਦਾਂ ਦੇ ਭਾਈ ਗੁਰਦਾਸ ਕਾਲਜ ਕੋਲ ਉਨ੍ਹਾਂ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਘੇਰ ਲਿਆ। ਹਮਲਾਵਰਾਂ ਵਿੱਚੋਂ ਇੱਕ ਨਕਾਬਪੋਸ਼ ਦਸਤਾਰਧਾਰੀ ਸੀ ਤੇ ਇੱਕ ਨੇ ਹੈਲਮਟ ਪਹਿਨਿਆ ਹੋਇਆ ਸੀ। ਕੈਸ਼ ਵੈਨ ਮੁਲਾਜ਼ਮ ਮੁਤਾਬਕ ਲੁਟੇਰਿਆਂ ਨੇ ਗੱਡੀ ‘ਤੇ ਪੰਜ ਗੋਲ਼ੀਆਂ ਦਾਗ਼ੀਆਂ ਤੇ ਕੈਸ਼ ਨਾਲ ਭਰਿਆ ਕਾਲ਼ੇ ਰੰਗ ਦਾ ਬੈਗ਼ ਚੁੱਕ ਕੇ ਫਰਾਰ ਹੋ ਗਏ।
ਕੈਸ਼ ਵੈਨ ਦੇ ਅੱਗੇ ਜਾ ਰਹੀ ਗੱਡੀ ਵਿੱਚ ਬੈਠੇ ਨੌਜਵਾਨ ਨੇ ਪਿੱਛੇ ਇਸ ਵਾਰਦਾਤ ਨੂੰ ਦੇਖਿਆ ਤਾਂ ਉਸ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਮੇਨ ਰੋਡ ਤੋਂ ਪਿੰਡਾਂ ਵਾਲੇ ਰਸਤੇ ਫਰਾਰ ਹੋ ਗਏ। ਬਾਅਦ ਵਿੱਚ ਉਨ੍ਹਾਂ ਜ਼ਖ਼ਮੀ ਸੁਰੱਖਿਆ ਗਾਰਡ ਨੂੰ ਹਸਪਤਾਲ ਲੈ ਕੇ ਆਏ।
ਇਸ ਵਾਰਦਾਤ ‘ਤੇ ਸੰਗਰੂਰ ਦੇ ਸੰਦੀਪ ਗਰਗ ਨੇ ਕਿਹਾ ਕਿ ਪੁਲਿਸ ਨੇ ਦੱਸਿਆ ਕਿ ਲੁਟੇਰਿਆਂ ਨੂੰ ਫੜਨ ਲਈ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਹੈ। ਸੰਗਰੂਰ ਵਿੱਚ ਇਹ ਲੁੱਟ ਦੀ ਪਹਿਲੀ ਘਟਨਾ ਨਹੀਂ ਹੈ। ਕੁਝ ਮਹੀਨੇ ਪਹਿਲਾਂ ਵੀ ਲੁਟੇਰਿਆਂ ਨੇ ਕੈਸ਼ ਵੈਨ ਲੁੱਟੀ ਸੀ। ਪੁਲਿਸ ਦੋਵਾਂ ਵਾਰਦਾਤਾਂ ਪਿੱਛੇ ਕਿਸੇ ਇੱਕ ਲੁਟੇਰਾ ਗਰੋਹ ਦਾ ਹੱਥ ਹੋਣ ਬਾਰੇ ਵੀ ਜਾਂਚ ਕਰ ਰਹੀ ਹੈ।
EDITED BY : SARA YAHA | | Last Updated :5:59 pm 13 JULY 2018























