

ਮਾਨਸਾ 06, ਜੁਲਾਈ (ਬਲਜੀਤ ਸ਼ਰਮਾ): ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਦੁਆਰਾ ਸੂਬੇ ਵਿਚੋਂ ਨਸ਼ੇ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਸਥਾਨਕ ਬੱਚਤ ਭਵਨ ਵਿਖੇ ਕੈਮਿਸਟ ਦਵਾਈ ਵਿਕਰੇਤਾਵਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸ੍ਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਰਵਈਆ ਅਪਣਾਇਆ ਗਿਆ ਹੈ। ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਸਮੂਹ ਦਵਾਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਨਾ ਯਕੀਨੀ ਬਣਾਉਣ। ਉਨ੍ਹਾਂ ਹਾਜ਼ਰ ਸਾਰੇ ਕੈਮਿਸਟਾਂ ਨੂੰ ਸ਼ਡਿਊਲ ਰਜਿਸਟਰ ਅਤੇ ਐਚ-1 ਰਜਿਸਟਰ ਮੇਨਟੇਨ ਰੱਖਣ ਲਈ ਕਿਹਾ।
ਐਸ.ਐਸ.ਪੀ. ਸ੍ਰੀ ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਦਵਾਈਆਂ ਵੇਚੀਆਂ ਜਾਣ ਅਤੇ ਬਿਨਾਂ ਕਿਸੇ ਪਰਚੀ ਤੋਂ ਕੋਈ ਵੀ ਦਵਾਈ ਨਾ ਵੇਚੀ ਜਾਵੇ। ਉਨ੍ਹਾਂ ਦਵਾਈ ਦੀਆਂ ਪਰਚੀਆਂ ਦਾ ਰਿਕਾਰਡ ਮੈਨਟੇਨ ਕਰਨ ਲਈ ਕਿਹਾ।
ਇਸ ਦੌਰਾਨ ਐਸ.ਡੀ.ਐਮ ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਡੀ.ਐਸ.ਪੀ. ਸ੍ਰੀ ਕਰਨਵੀਰ ਸਿੰਘ, ਸਿਵਲ ਸਰਜਨ ਮਾਨਸਾ ਸ੍ਰੀ ਲਾਲ ਚੰਦ ਠੁਕਰਾਲ, ਸਹਾਇਕ ਸਿਵਲ ਸਰਜਨ ਸ੍ਰੀ ਸੁਰਿੰਦਰ ਸਿੰਘ, ਡਰੱਗ ਇੰਸਪੈਕਟਰ ਸ੍ਰੀ ਗੁਨਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
EDITED BY : SARA YAHA | | Last Updated :6:21 pm 06 JULY 2018






















