

ਨਵੀਂ ਦਿੱਲੀ(ਸਾਰਾ ਯਹਾ) : ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਰਵਾਨਾ ਹੋ ਚੁੱਕਾ ਹੈ। ਅਜਿਹੇ ‘ਚ ਅੱਤਵਾਦੀ ਸੰਗਠਨ ਹਿਜਬੁਲ ਨੇ ਅਮਰਨਾਥ ਯੋਤਰਾ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਹਿਜਬੁਲ ਨੇ ਕਿਹਾ ਕਿ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂ ਸਾਡੇ ਮਹਿਮਾਨ ਹਨ ਨਾ ਕਿ ਟਾਰਗੇਟ।
ਜ਼ਿਕਰਯੋਗ ਹੈ ਕਿ ਹਿਜਬੁਲ ਦੇ ਆਪਰੇਸ਼ਨਲ ਕਮਾਂਡਰ ਰਿਆਜ਼ ਨਾਇਕੂ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਕਹਿ ਰਿਹਾ ਹੈ ਕਿ ਅਮਰਨਾਥ ਯਾਤਰਾ ਸਾਡਾ ਨਿਸ਼ਾਨਾ ਨਹੀਂ। ਉਸ ਨੇ ਕਿਹਾ ਕਿ ਇਹ ਯਾਤਰੀ ਧਾਰਮਿਕ ਸ਼ਰਧਾ ਲਈ ਆਉਂਦੇ ਹਨ। ਇਸ ਲਈ ਇਹ ਸਾਡੇ ਮਹਿਮਾਨ ਹਨ।
ਹਾਲਾਂਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਖੁਫੀਆ ਏਜੰਸੀ ਨੇ ਅਮਰਨਾਥ ਯਾਤਰਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਅਲਰਟ ਮੁਤਾਬਕ ਲਸ਼ਕਰ ਦੇ ਕਰੀਬ 20 ਅੱਤਵਾਦੀਆਂ ਦੇ ਦੋ ਗਰੁੱਪ ਘਾਟੀ ‘ਚ ਘੁਸਪੈਠ ਕਰੀ ਬੈਠੇ ਹਨ। ਉਹ ਬਾਲਟਾਲ ਰੂਟ ‘ਤੇ ਕੰਗਨ ਨਾਂ ਦੀ ਜਗ੍ਹਾ ‘ਤੇ ਯਾਤਰੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਦੱਸ ਦਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਲਈ ਵੱਡੇ ਪੱਧਰ ‘ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਜੰਮੂ ਤੋਂ ਬਾਲਟਾਲ ਤੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਦੇ ਦੋ ਬੇਸ ਕੈਂਪਾਂ ਤੋਂ ਲਗਪਗ 400 ਕਿਲੋਮੀਟਰ ਯਾਤਰਾ ਮਾਰਗ ਨੂੰ ਸੁਰੱਖਿਅਤ ਰੱਖਣ ਲਈ ਅਰਧ ਸੈਨਿਕ ਬਲਾਂ ਦੀਆਂ 213 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਖੁਦ ਸਾਲਾਨਾ ਅਮਰਨਾਥ ਯਾਤਰਾ ਦੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਤੇ ਬਾਲਟਾਲ ਬੇਸ ਕੈਂਪ ਦਾ ਦੌਰਾ ਕੀਤਾ ਸੀ।
EDITED BY : SARA YAHA | | Last Updated :27 June 2018























