

ਅੰਮ੍ਰਿਤਸਰ (ਸਾਰਾ ਯਹਾ) : ਅੰਮ੍ਰਿਤਸਰ ਵਿੱਚ ਸਨਅਤਕਾਰਾਂ ਨਾਲ ਮੀਟਿੰਗ ਕਰਨ ਆਏ ਸਨਅਤ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਮਜੀਠਾ ਦੇ ਨੇੜਲੇ ਇਲਾਕੇ ਵਿੱਚ ਨਸ਼ੇ ਦੀਆਂ ਜੜ੍ਹਾਂ ਜ਼ਰਾ ਡੂੰਘੀਆਂ ਹਨ। ਇਸ ਲਈ ਅੰਮ੍ਰਿਤਸਰ ਤੇ ਤਰਨ ਤਾਰਨ ਵਿੱਚੋਂ ਨਸ਼ਾ ਖ਼ਤਮ ਹੋਣ ਲਈ ਹੋਰ ਸਮਾਂ ਲੱਗੇਗਾ।
ਪਿਛਲੇ ਕੁਝ ਹੀ ਦਿਨਾਂ ’ਚ ਅੰਮ੍ਰਿਤਸਰ ਤੇ ਤਰਨ ਤਾਰਨ ਵਿੱਚ 10 ਤੋਂ ਜ਼ਿਆਦਾ ਨੌਜਵਾਨਾਂ ਦੀ ਮੌਤ ਸਬੰਧੀ ਸਵਾਲ ਪੁੱਛਣ ’ਤੇ ਅਰੋੜਾ ਨੇ ਕਿਹਾ ਕਿ ਨਸ਼ਾ ਪਹਿਲਾ ਨਾਲੋਂ ਕਾਫੀ ਘਟ ਹੋਇਆ ਹੈ। ਇਸ ਨੂੰ ਖ਼ਤਮ ਕਰਨ ’ਤੇ ਕੁਝ ਹੋਰ ਸਮਾਂ ਲਗੇਗਾ। ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਚਾਰ ਹਫ਼ਤਿਆਂ ਵਿੱਚ ਨਸ਼ਾ ਖ਼ਤਮ ਬਾਰੇ ਪੁੱਛਿਆ ਗਿਆ ਤਾਂ ਉਹ ਬਿਨਾਂ ਕੁਝ ਕਹਿਆਂ ਹੀ ਚਲਦੇ ਬਣੇ।
ਅੰਮ੍ਰਿਤਸਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਜ਼ਾਹਿਰ ਕਰਦਿਆਂ ਕੈਬਿਨਟ ਮੰਤਰੀ ਸ਼ਾਮ ਸੁੰਦਰ ਅਰੋੜਾ ਤੇ ਵਿਧਾਇਕ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਹੋਈ ਲੁੱਟ ਦੌਰਾਨ ਔਰਤ ਦੀ ਮੌਤ ਹੋਈ ਹੈ। ਅੰਮ੍ਰਿਤਸਰ ਵਿੱਚ ਕਾਫ਼ੀ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਰਕਾਰ ਨੇ ਇਸ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਮੰਨਿਆ ਕਿ ਸ਼ਹਿਰ ਦੀ ਸੁਰੱਖਿਆ ਵਿੱਚ ਸੁਧਾਰ ਦੀ ਬੇਹੱਦ ਜ਼ਰੂਰਤ ਹੈ।
ਬੀਤੀ ਰਾਤ ਅੰਮ੍ਰਿਤਸਰ ਵਿੱਚ ਲੁੱਟ ਦੀ ਘਟਨਾ ਦੌਰਾਨ ਔਰਤ ਦੀ ਮੌਤ ’ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੁੱਖ਼ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਹੱਥ ਕੁਝ ਸੁਰਾਗ਼ ਲੱਗੇ ਹਨ ਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
EDITED BY : SARA YAHA | | Last Updated :26 June 2018























