

ਚੰਡੀਗੜ੍ਹ (ਸਾਰਾ ਯਹਾ) : ਸੁਣ ਕੇ ਥੋੜ੍ਹਾ ਅਜੀਬ ਲੱਗੇ ਪਰ ਹੈ ਇਹ ਸੱਚ। ਜੀ ਹਾਂ, ਚੰਡੀਗੜ੍ਹ ਦੀ ਮਸ਼ਹੂਰ ਬੁੜੈਲ ਜੇਲ੍ਹ ‘ਚੋਂ ਹੁਣ ਤੁਸੀਂ ਘਰ ਬੈਠੇ ਹੀ ਖਾਣ-ਪੀਣ ਵਾਲੀਆਂ ਮਜ਼ੇਦਾਰ ਚੀਜ਼ਾਂ ਦਾ ਸਵਾਦ ਲੈ ਸਕਦੇ ਹੋ। ਬੁੜੈਲ ਜੇਲ੍ਹ ਵਿੱਚ ਹੁਣ ਮਿਠਾਈਆਂ ਤੋਂ ਲੈ ਕੇ ਖਾਣੇ ਦੀਆਂ ਥਾਲੀਆਂ ਮੰਗਵਾ ਕੇ ਖਾ ਸਕਦੇ ਹੋ। ਅਜਿਹੇ ਸੁਵਿਧਾ ਦੇਣ ਵਾਲੀ ਮਾਡਲ ਜੇਲ੍ਹ ਬੁੜੈਲ ਦੇਸ਼ ਦੀ ਪਹਿਲੀ ਜੇਲ੍ਹ ਬਣ ਗਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਜੇਲ੍ਹ ਨੂੰ ਸੁਧਾਰ ਘਰ ਵਜੋਂ ਵਿਕਸਤ ਕਰਦਿਆਂ ਕੈਦੀਆਂ ਨੂੰ ਕੁਕਿੰਗ ਦਾ ਕੰਮ ਸਿਖਾਉਣ ਦਾ ਉਪਰਾਲਾ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਚੰਡੀਗੜ੍ਹ ਜੇਲ੍ਹਾਂ ਦੇ ਆਈਜੀ ਓ.ਪੀ. ਮਿਸ਼ਰਾ ਨੇ ਦੱਸਿਆ ਕਿ ਕੈਦੀ ਖਾਣੇ ਨੂੰ ਜੇਲ੍ਹ ਅੰਦਰ ਹੀ ਬਣਾਉਣਗੇ।
ਇੰਸਪੈਕਟਰ ਜਨਰਲ (ਜੇਲ੍ਹ) ਡਾ. ਓਪੀ ਮਿਸ਼ਰਾ ਨੇ ਇਸ ਦੱਸਿਆ ਕਿ ਚੰਡੀਗੜ੍ਹ ਪੁਲੀਸ ਦੇ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਬੁੜੈਲ ਜੇਲ੍ਹ ਵਿੱਚੋਂ ਖਾਣੇ ਦੀਆਂ ਥਾਲੀਆਂ ਵੱਡੇ ਪੱਧਰ ’ਤੇ ਮੰਗਵਾਈਆਂ ਜਾ ਰਹੀਆਂ ਹਨ ਤੇ ਇਨ੍ਹਾਂ ਨੂੰ ਖ਼ੂਬ ਸਲਾਹਿਆ ਜਾ ਰਿਹਾ ਹੈ। ਜੇਲ੍ਹ ਵਿੱਚ ਜਿੱਥੇ ਖਾਣੇ ਦੀ ਵਿਸ਼ੇਸ਼ ਥਾਲੀ ਤਿਆਰ ਕੀਤੀ ਜਾਂਦੀ ਹੈ, ਉੱਥੇ ਸਨੈਕਸ ਵਿੱਚ ਸਮੋਸੇ, ਮਟਰ, ਮੱਠੀਆਂ, ਨਮਕੀਨ, ਲੱਡੂ, ਬਾਲੂਸ਼ਾਹੀ ਤੇ ਹੋਰ ਸਾਮਾਨ ਵੀ ਤਿਆਰ ਕੀਤਾ ਜਾਂਦਾ ਹੈ।
ਆਈਜੀ ਨੇ ਦੱਸਿਆ ਕਿ ਗਾਹਕਾਂ ਨੂੰ ਸਾਮਾਨ ਲੈਣ ਲਈ ਐਡਵਾਂਸ ਬੁਕਿੰਗ ਕਰਵਾਉਣ ਪੈਂਦੀ ਹੈ। ਹਾਲਾਂਕਿ, ਜੇਕਰ ਗਾਹਕ ਆਨਲਾਈਨ ਬੁਕਿੰਗ ਨਹੀਂ ਕਰਨਾ ਚਾਹੁੰਦੇ ਤਾਂ ਬੁੜੈਲ ਜੇਲ੍ਹ ਜਾ ਕੇ ਵੀ ਇਹ ਖਾਣਾ ਖਾ ਸਕਦੇ ਹਨ। ਜੇਲ੍ਹ ਪ੍ਰਸ਼ਾਸਨ ਮਾਲ ਨੂੰ ਮਾਰਕੀਟ ਵਿੱਚ ਵੇਚਣ ਲਈ ਹੁਣ ਸੈਕਟਰ 22 ਦੀ ਮਾਰਕਿਟ ‘ਚ ਆਪਣੀ ਦੁਕਾਨ ਖੋਲ੍ਹਣ ਬਾਰੇ ਵੀ ਵਿਚਾਰ ਕਰ ਰਿਹਾ ਹੈ।
ਖਾਣ ਪੀਣ ਦੇ ਸਮਾਨ ਤੋਂ ਇਲਾਵਾ ਜੇਲ੍ਹ ਵਿਚ ਫਰਨੀਚਰ, ਕੁੜ੍ਹਤੇ ਪਜਾਮੇ ਤੇ ਹੋਰ ਸਾਮਾਨ ਵੀ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਹੁਨਰਮੰਦ ਕੰਮ ਕਰਨ ਵਾਲੇ ਯਾਨੀ ਸਕਿੱਲਡ ਕੈਦੀ ਨੂੰ 80 ਰੁਪਏ ਤੇ ਸੈਮੀ-ਸਕਿਲਡ ਕੈਦੀ ਨੂੰ 60 ਰੁਪਏ ਦਿਹਾੜੀ ਮਿਲਦੀ ਹੈ। ਇਹ ਰਾਸ਼ੀ ਕੈਦੀਆਂ ਨੂੰ ਉਨ੍ਹਾਂ ਦੀ ਰਿਹਾਈ ਮੌਕੇ ਮੁਹੱਈਆ ਕੀਤੀ ਜਾਂਦੀ ਹੈ।
EDITED BY : SARA YAHA | | Last Updated :26 June 2018























