

ਮਾਨਸਾ, 20 ਫਰਵਰੀ ਸਾਰਾ ਯਹਾ,ਬਲਜੀਤ ਸ਼ਰਮਾ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਾਨਸਾ ਵੱਲੋਂ ਖੇਤੀਬਾੜੀ ਅਫ਼ਸਰ ਡਾ. ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਬਲਾਕ ਮਾਨਸਾ ਦੇ ਪਿੰਡ ਖੜਕ ਸਿੰਘ ਵਾਲਾ ਵਿਖੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਖੇਤੀਬਾੜੀ ਵਿਕਾਸ ਅਫ਼ਸਰ ਭੈਣੀਬਾਘਾ ਡਾ. ਪ੍ਰਦੀਪ ਸਿੰਘ ਨੇ ਕਿਸਾਨਾਂ ਨੂੰ ਪੀਲੀ ਕੂੰਗੀ ਸਬੰਧੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਸਿੱਲ੍ਹਾ ਮੌਸਮ ਪੀਲੀ ਕੂੰਗੀ ਦੇ ਵਾਧੇ ਲਈ ਅਨੁਕੂਲ ਹੁੰਦਾ ਹੈ ਇਸ ਲਈ ਖੇਤਾਂ ਦਾ ਲਗਾਤਾਰ ਸਰਵੇਖਣ ਕਰਨਾ ਜਰੂਰੀ ਹੈ। ਪੀਲੀ ਕੂੰਗੀ ਦਾ ਹਮਲਾ ਖੇਤ ਵਿੱਚ ਦੇਖਣ ਨੂੰ ਮਿਲਣ ਤੇ ਟੀਲਟ ਦੀ 200 ਮੀ.ਲਿ: ਪ੍ਰਤੀ ਏਕੜ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਤੇ ਸਿਫਾਰਸ਼ ਜਹਿਰਾਂ ਹੀ ਵਰਤਣ ਦੀ ਅਪੀਲ ਕੀਤੀ।
ਡਾ. ਨਰਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਉੱਭਾ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਵਿੱਚ ਵੱਖ ਵੱਖ ਖੁਰਾਕੀ ਤੱਤਾਂ ਦੀ ਘਾਟ ਤੋਂ ਜਾਣੂ ਕਰਵਾਇਆ ਅਤੇ ਲੋੜ ਅਨੁਸਾਰ ਮਿੱਟੀ ਪਰਖ ਦੇ ਆਧਾਰ ਤੇ ਹੀ ਖਾਦਾ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੰਦਿਆ ਕਿਹਾ ਕਿ ਕਣਕ ਦੀ ਵਾਡੀ ਤੋਂ ਬਾਅਦ ਖਾਲੀ ਖੇਤਾਂ ਵਿੱਚ ਮੋਟਰਾਂ ਛੱਡਕੇ ਪਾਣੀ ਦੀ ਦੂਰਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਤੋਂ ਪਹਿਲਾਂ ਹਰੀ ਖਾਦ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਖੇਤੀਬਾੜੀ ਉੁੱਪ ਨਿੱਰੀਖਕ ਸ਼੍ਰੀ ਬਿੱਕਰ ਸਿੰਘ ਅਤੇ ਪਿੰਡ ਦੇ ਮੋਹਤਵਰ ਕਿਸਾਨ ਮੌਜੂਦ ਸਨ।























