ਪੰਜਾਬ ਕਿਸਾਨ ਯੂਨੀਅਨ ਵੱਲੋਂ ਕੇਂਦਰੀ ਬਜਟ ਦੀ ਸਖਤ ਆਲੋਚਨਾ

0
46

ਮਾਨਸਾ 1 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ) ਪੰਜਾਬ ਕਿਸਾਨ ਯੂਨੀਅਨ ਦੀ ਸੂਬਾਈ ਮੀਟਿੰਗ ਅੱਜ ਇੱਥੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੋਦੀ ਸਰਕਾਰ ਵੱਲੋਂ ਅੱਜ ਪਾਰਲੀਮੈਂਟ ਵਿੱਚ ਪੇਸ਼ ਕੀਤੇ ਸਾਲ 2020-21 ਦੇ ਕੇਂਦਰੀ ਬੱਜਟ ਦੀ ਇਹ ਕਹਿੰਦਿਆਂ ਸਖਤ ਆਲੋਚਨਾ ਕੀਤੀ ਕਿ ਇਸ ਬਜਟ ਵਿੱਚ ਮੋਦੀ ਸਰਕਾਰ ਆਪਣੇ ਉਨ੍ਹਾਂ ਚੋਣ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਗਈ ਹੈ ਜਿੰਨ੍ਹਾਂ ਦੇ ਨਾਂਅ ‘ਤੇ ਉਸ ਨੇ ਦੇਸ਼ ਭਰ ਦੇ ਕਿਸਾਨਾਂ ਤੋਂ ਵੋਟਾਂ ਲਈਆਂ ਸਨ।

       ਮੀਟਿੰਗ ਨੂੰ ਸੰਬੋਧਨ ਕਰਦਿਆਂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਸ ਬਜਟ ਵਿੱਚ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਸਿਰ ਖੜ੍ਹੇ ਕਰਜ਼ੇ ਨੂੰ ਰੱਦ ਕਰਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਕਰੋੜਾਂ ਬੇਰੋਜ਼ਗਾਰਾਂ ਤੇ ਅਰਧ ਬੇਰੋਜ਼ਗਾਰਾਂ ਨੂੰ ਪੱਕਾ ਰੋਜ਼ਗਾਰ ਦੇਣ ਵਰਗੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਦਰ-ਕਿਨਾਰ ਕਰ ਦਿੱਤਾ ਹੈ। ਦੇਸ਼ ਦੀ ਡੁੱਬ ਰਹੀ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਬਜਾਏ ਇਹ ਸਰਕਾਰ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਰੂਪੀ ਅਦਾਰਿਆਂ ਅਤੇ ਕੁਦਰਤੀ ਸੋਮਿਆਂ ਨੂੰ ਆਪਣੇ ਚਹੇਤੇ ਕਾਰਪੋਰੇਟਰਾਂ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਰਾਹ ਉÎੱਤੇ ਹੋਰ ਤੇਜ਼ੀ ਨਾਲ ਅੱਗੇ ਵਧੀ ਹੈ। ਜਨਤਾ ਦਾ ਧਿਆਨ ਇੰਨ੍ਹਾਂ ਬੁਨਿਆਦੀ ਮੁੱਦਿਆਂ ਵੱਲੋਂ ਹਟਾਉਣ ਅਤੇ ਜਨਤਾ ਨੂੰ ਫਿਰਕੂ ਆਧਾਰ ‘ਤੇ ਵੰਡਣ ਲਈ ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਵਰਗੇ ਦੇਸ਼ ਨੂੰ ਟਕਰਾਅ ਵੱਲ ਧੱਕਣ ਵਾਲੇ ਮੁੱਦੇ ਲਿਆ ਰਹੀ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਦੇ ਵਰਕਰ ਜਲਦੀ ਹੀ ਦਿੱਲੀ ਵਿੱਚ ਸ਼ਾਹੀਨ ਬਾਗ ਵਿਖੇ ਸੀਏਏ ਖਿਲਾਫ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਣਗੇ।

       ਮੀਟਿੰਗ ਵੱਲੋਂ ਪਾਸ ਕੀਤੇ ਮਤਿਆਂ ਵਿੱਚ ਪੰਜਾਬ ਸਰਕਾਰ ਦੇ ਪੰਚਾਇਤੀ ਜ਼ਮੀਨਾਂ ਕੰਪਨੀਆਂ ਹਵਾਲੇ ਕਰਨ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਗੜ੍ਹੇਮਾਰ ਨਾਲ ਹੋਏ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।

       ਬਿਆਨ ਵਿੱਚ ਕਿਹਾ ਗਿਆ ਕਿ ਸਰਕਾਰ ਭਾਈ ਕਨ੍ਹਈਆ ਸਕੀਮ ਤਹਿਤ ਇਲਾਜ ਦੇ ਕਾਰਡ ਤੁਰੰਤ ਬਣਾ ਕੇ ਭੇਜੇ । ਇਹ ਕਾਰਡ ਹਰ ਸਾਲ ਦਸੰਬਰ ਤੱਕ ਬਣ ਜਾਂਦੇ ਸਨ ਪਰ ਇਸ ਵਾਰ ਫਰਵਰੀ ਮਹੀਨਾ ਚੜ੍ਹ ਜਾਣ ਦੇ ਬਾਵਜੂਦ ਇਹ ਕਾਰਡ ਨਹੀਂ ਬਣਾਏ ਗਏ ਜਿਸ ਕਾਰਣ ਅਨੇਕਾਂ ਬਿਮਾਰ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਇਲਾਜ ਦੀ ਸਹੂਲਤ ਤੋਂ ਵਾਂਝੇ  ਹਨ। ਮੀਟਿੰਗ ਵਿੱਚ ਭੋਲਾ ਸਿੰਘ ਸਮਾਉਂ ਜਿਲ੍ਹਾ ਪ੍ਰਧਾਨ ਮਾਨਸਾ, ਕਰਨੈਲ ਸਿੰਘ ਮਾਨਸਾ, ਸਵਰਨ ਸਿੰਘ ਬੋੜਾਵਾਲ, ਮੋਹਨ ਸਿੰਘ ਜਨਰਲ ਸਕੱਤਰ ਤੇ ਜੱਗਾ ਸਿੰਘ ਬਦਰਾ ਜਿਲ੍ਹਾ ਪ੍ਰਧਾਨ ਬਰਨਾਲਾ, ਗੁਰਜੰਟ ਸਿੰਘ ਬਾਲਿਆਂਵਾਲੀ, ਸੁਖਦੇਵ ਸਿੰਘ ਲਹਿਲ ਜਿਲ੍ਹਾ ਪ੍ਰਧਾਨ ਤੇ ਰਾਮਫਲ ਸਿੰਘ ਬੁਸ਼ੈਹਰਾ ਅਤੇ ਬਲਰਾਜ ਸਿੰਘ ਜੈਤੋ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here