ਡਰਿਪ ਸਿਸਟਮ ਲਗਾਉਣ ਦੇ ਬਾਵਜੂਦ ਵੀ ਨਹੀਂ ਮਿਲਿਆ ਕਿਸਾਨ ਨੂੰ ਪਹਿਲ ਦੇ ਆਧਾਰ ਤੇ ਮੋਟਰ ਕੁਨੈਕਸ਼ਨ

0
8

ਮਾਨਸਾ 30 ਜਨਵਰੀ (ਬਪਸ):ਪਿੰਡ ਲਖਮੀਰਵਾਲਾ ਦੇ ਕਿਸਾਨ ਗੁਰਦੀਪ ਸਿੰਘ ਪੁੱਤਰ ਤੇਜਾ ਸਿੰਘ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ 2017 ਵਿੱਚ ਆਪਣੇ ਖੇਤ ਡਰਿੱਪ ਸਿਸਟਮ ਲਗਾਇਆ ਸੀ। ਜਿਸ ਨੂੰ ਪਹਿਲ ਦੇ ਆਧਾਰ ਤੇ ਇੱਕ ਬਿਜਲੀ ਮੋਟਰ ਕੁਨੈਕਸ਼ਨ ਦੇਣਾ ਸੀ ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਦੇ ਖੇਤ ਮੋਟਰ ਕੁਨੈਕਸ਼ਨ ਨਹੀਂ ਲਗਾਇਆ ਗਿਆ। ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਕਹਿਣ ਤੇ ਉਨ੍ਹਾਂ 85 ਹਜ਼ਾਰ ਰੁਪਿਆ ਭਰਕੇ ਤਿੰਨ ਏਕੜ ਜ਼ਮੀਨ ਵਿੱਚ ਡਰਿਪ ਸਿਸਟਮ ਲਗਵਾਇਆ ਸੀ। ਉਸ ਸਮੇਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀਆਂ ਨੇ ਇਹ ਕਿਹਾ ਸੀ ਕਿ ਤੁਹਾਡੇ ਖੇਤ ਇੱਕ ਬਿਜਲੀ ਮੋਟਰ ਕੁਨੈਕਸ਼ਨ ਪਹਿਲ ਦੇ ਆਧਾਰ ਤੇ ਲਗਾਇਆ ਜਾਵੇਗਾ। ਉਨ੍ਹਾਂ ਮਹਿਕਮੇ ਦੀਆਂ ਹਦਾਇਤਾਂ ਮੁਤਾਬਿਕ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਆਪਣੇ ਵੱਲੋਂ 85 ਹਜ਼ਾਰ ਰੁਪਏ ਭਰਕੇ ਡਰਿਪ ਸਿਸਟਮ ਲਗਾਇਆ ਅਤੇ ਹੋਰ ਖਰਚ ਆਦਿ ਪਾ ਕੇ ਇੱਕ ਲੱਖ ਰੁਪਏ ਤੋਂ ਜ਼ਿਆਦਾ ਉਨ੍ਹਾਂ ਦਾ ਖਰਚ ਹੋ ਚੁੱਕਿਆ ਹੈ। ਪੰਜਾਬ ਰਾਜ ਕਾਰਪੋਰੇਸ਼ਨ ਨੂੰ ਵੀ ਉਨ੍ਹਾਂ ਮੋਟਰ ਕੁਨੈਕਸ਼ਨ ਦੀ ਸਕਿਓਰਿਟੀ ਵੀ ਭਰੀ ਹੈ ਅਤੇ ਮਹਿਕਮੇ ਵੱਲੋਂ ਐਸਟੀਮੈਂਟ ਵੀ ਲਗਾਇਆ ਗਿਆ ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਿਜਲੀ ਮੋਟਰ ਕੁਨੈਕਸ਼ਨ ਨਹੀਂ ਮਿਲਿਆ। ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਮਹਿਕਮਿਆਂ ਦੇ ਦਫਤਰਾਂ, ਐਸਡੀਐਮ ਦਫ਼ਤਰ ਅਤੇ  ਡਿਪਟੀ ਕਮਿਸ਼ਨਰ ਦੇ ਦਫਤਰਾਂ ਦੇ ਚੱਕਰ ਲਗਾ ਕੇ ਅੱਕ ਚੁੱਕਿਆ ਹੈ ਪਰ ਉਸ ਦੀ ਕਿਸੇ ਨੇ ਅੱਜ ਤੱਕ ਨਹੀਂ ਸੁਣੀ। ਉਸ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਉਸ ਦੇ ਕੁਨੈਕਸ਼ਨ ਨਹੀਂ ਲੱਗਦਾ ਤਾਂ ਉਹ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।  ਇਸ ਸਬੰਧੀ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਬਲਾਕ ਅਫ਼ਸਰ ਅਸੀਮ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਦੀ ਫਾਈਲ ਤਿਆਰ ਕਰਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਭੇਜ ਦਿੱਤੀ ਸੀ ਇਹ ਕੁਨੈਕਸ਼ਨ ਉਨ੍ਹਾਂ ਨੇ ਪਹਿਲੇ ਅਧਾਰ ਤੇ ਦੇਣਾ ਸੀ ਪਰ ਪਤਾ ਨਹੀਂ ਕਿਸ ਗੱਲੋਂ ਇਹ ਕੁਨੈਕਸ਼ਨ ਨਹੀਂ ਲੱਗ ਸਕਿਆ। ਇਸ ਬਾਰੇ ਉਹ ਹੀ ਦੱਸ ਸਕਦੇ ਹਨ। ਜਦੋਂ ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐੱਸਡੀਓ ਨਰਿੰਦਰ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਾਇਲ ਅਪਲਾਈ ਕਰਨ ਮੌਕੇ ਚੋਣ ਜ਼ਾਬਤਾ ਲੱਗ ਗਿਆ ਸੀ ਜਿਸ ਕਰਕੇ ਕੁਨੈਕਸ਼ਨ ਨਹੀਂ ਲੱਗ ਸਕਿਆ। ਉਸ ਤੋਂ ਬਾਅਦ ਸਰਕਾਰ ਵੱਲੋ ਇਹ ਸਕੀਮ ਬੰਦ ਕਰ ਦਿੱਤੀ ਗਈ।ਜੇਕਰ ਸਰਕਾਰ ਫਿਰ ਤੋਂ ਇਹ ਸਕੀਮ ਲੈ ਕੇ ਆਉਂਦੀ ਹੈ ਤਾਂ ਪਹਿਲ ਦੇ ਆਧਾਰ ਤੇ ਕੁਨੈਕਸ਼ਨ ਲੱਗਾ ਦਿੱਤਾ ਜਾਵੇਗਾ। ਓੁਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਅਤੇ ਉੱਤਮ ਸਿੰਘ ਰਾਮਾਨੰਦੀ ਦਾ ਕਹਿਣਾ ਹੈ ਕਿ ਜਦੋਂ ਕਿਸਾਨ ਵੱਲੋਂ ਬਣਦੀਆਂ ਪੂਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਗਈਆਂ ਸਨ ਤਾਂ ਮਹਿਕਮੇ ਅਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਸ ਦੇ ਪਹਿਲ ਦੇ ਅਧਾਰ ਤੇ ਇਹ ਕੁਨੈਕਸ਼ਨ ਲਗਾਇਆ ਜਾਵੇ।

LEAVE A REPLY

Please enter your comment!
Please enter your name here